ਚੇਨਈ ਦੀ ਅੰਨਾ ਯੂਨੀਵਰਸਿਟੀ ’ਚ ਇੰਜੀਨੀਅਰਿੰਗ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ
Wednesday, Dec 25, 2024 - 09:09 PM (IST)
ਚੇਨਈ- ਚੇਨਈ ਦੀ ਅੰਨਾ ਯੂਨੀਵਰਸਿਟੀ ਦੇ ਕੈਂਪਸ ’ਚ ਇੰਜੀਨੀਅਰਿੰਗ ਦੀ ਇਕ ਵਿਦਿਆਰਥਣ ਨਾਲ 2 ਵਿਅਕਤੀਆਂ ਨੇ ਸਮੂਹਿਕ ਜਬਰ-ਜ਼ਨਾਹ ਕੀਤਾ।
ਮੁਲਜ਼ਮਾਂ ਨੇ ਪਹਿਲਾਂ ਆਪਣੇ ਨਾਲ ਬੈਠੀ ਉਕਤ ਵਿਦਿਆਰਥਣ ਦੇ ਇਕ ਦੋਸਤ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਨਾਲ ਜਬਰ-ਜ਼ਨਾਹ ਕੀਤਾ।
ਕੋਟੂਰਪੁਰਮ ਦੇ ਸਹਾਇਕ ਪੁਲਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥਣ ਤੇ ਉਸ ਦਾ ਮਰਦ ਦੋਸਤ ਨੇੜਲੀ ਚਰਚ ’ਚ ਅੱਧੀ ਰਾਤ ਦੇ ਕ੍ਰਿਸਮਸ ਪ੍ਰੋਗਰਾਮ ’ਚ ਸ਼ਾਮਲ ਹੋਣ ਪਿੱਛੋਂ ਕੈਂਪਸ ਦੇ ਇਕਾਂਤ ਖੇਤਰ ’ਚ ਬੈਠੇ ਹੋਏ ਸਨ।
ਮੁਲਜ਼ਮਾਂ ਨੇ ਵਿਦਿਆਰਥਣ ਨੂੰ ਨੇੜੇ ਦੀਆਂ ਝਾੜੀਆਂ 'ਚ ਘਸੀਟ ਲਿਆ ਤੇ ਜਬਰ-ਜ਼ਨਾਹ ਕੀਤਾ।
ਪੀੜਤਾ ਇੰਜੀਨੀਅਰਿੰਗ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ, ਜੋ ਕੈਂਪਸ ਦੇ ਇਕ ਹੋਸਟਲ ’ਚ ਰਹਿੰਦੀ ਹੈ।
ਵਿਰੋਧੀ ਧਿਰ ਦੇ ਨੇਤਾ ਏ. ਕੇ. ਪਲਾਨੀਸਵਾਮੀ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਸਟਾਲਿਨ ਤਾਮਿਲਨਾਡੂ ’ਚ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਸਮਰੱਥ ਨਹੀਂ ਹਨ। ਸੂਬਾਈ ਭਾਜਪਾ ਦੇ ਮੁਖੀ ਕੇ. ਅੰਨਾਮਲਾਈ ਨੇ ਕਿਹਾ ਕਿ ਸੂਬੇ ’ਚ ਔਰਤਾਂ ਖੁੱਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।
ਇਸ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਅਾ ਗਿਆ ਹੈ। ਉਸ ਦੀ ਪਛਾਣ ਗਿਆਨ ਸੇਕਰਨ ਵਜੋਂ ਹੋਈ ਹੈ। ਉਹ ਯੂਨੀਵਰਸਿਟੀ ਨੇੜੇ ਸੜਕ ਕੰਢੇ ਬਰਿਅਾਨੀ ਦਾ ਸਟਾਲ ਲਾਉਂਦਾ ਹੈ। ਗ੍ਰੇਟਰ ਚੇਨਈ ਪੁਲਸ ਕਮਿਸ਼ਨਰ ਦੇ ਦਫ਼ਤਰ ਅਨੁਸਾਰ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਮੁਲਜ਼ਮ ਨੂੰ ਫੜਨ ਲਈ ਪੁਲਸ ਨੇ 4 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਕੈਂਪਸ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਵਿਦਿਆਰਥੀ ਸੰਗਠਨ ਨੇ ਰੋਸ ਪ੍ਰਦਰਸ਼ਨ ਕੀਤਾ
ਇਕ ਵਿਦਿਆਰਥੀ ਸੰਗਠਨ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਸਰਕਾਰੀ ਯੂਨੀਵਰਸਿਟੀ ਕੈਂਪਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਤੇ ਧਰਨਾ ਦਿੱਤਾ। ਯੂਨੀਵਰਸਿਟੀ ਦੇ ਰਜਿਸਟਰਾਰ ਜੇ. ਪ੍ਰਕਾਸ਼ ਨੇ ਇਕ ਬਿਆਨ ’ਚ ਕਿਹਾ ਕਿ ਪੁਲਸ ਨੂੰ ਜਾਂਚ ’ਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।