ਸੀਟ ਦਿਵਾਉਣ ਦੇ ਬਹਾਨੇ AC ਫਸਟ ਕਲਾਸ ’ਚ ਮੁਟਿਆਰ ਨਾਲ ਜਬਰ-ਜ਼ਨਾਹ, TTE ਫਰਾਰ
Wednesday, Feb 18, 2026 - 12:15 AM (IST)
ਲਖਨਊ- ਅਹਿਮਦਾਬਾਦ-ਗੋਰਖਪੁਰ ਐਕਸਪ੍ਰੈੱਸ ’ਚ ਇਕ ਮੁਟਿਆਰ ਨੇ ਦੋਸ਼ ਲਾਇਆ ਹੈ ਕਿ ਟੀ. ਟੀ. ਈ. ਨੇ ਸੀਟ ਦਿਵਾਉਣ ਦਾ ਭਰੋਸਾ ਦੇ ਕੇ ਉਸ ਨਾਲ ਏ. ਸੀ. ਫਸਟ ਕਲਾਸ ਦੇ ਕੈਬਿਨ ’ਚ ਜਬਰ-ਜ਼ਨਾਹ ਕੀਤਾ। ਮਊ ਦੀ ਰਹਿਣ ਵਾਲੀ ਪੀੜਤਾ ਗੋਰਖਪੁਰ ’ਚ ਕਿਰਾਏ ਦੇ ਕਮਰੇ ’ਚ ਰਹਿੰਦੀ ਸੀ ਅਤੇ ਫੌਜ ’ਚ ਭਰਤੀ ਦੀ ਤਿਆਰੀ ਕਰ ਰਹੀ ਸੀ।
ਯਾਤਰਾ ਦੌਰਾਨ ਉਸ ਦੇ ਕੋਲ ਟਿਕਟ ਨਹੀਂ ਸੀ। ਏ. ਸੀ. ਕੋਚ ’ਚ ਖੜ੍ਹੀ ਮੁਟਿਆਰ ਨੂੰ ਟੀ. ਟੀ. ਈ. ਨੇ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਸੀਟ ਮਿਲ ਜਾਵੇਗੀ ਪਰ ਇਸ ਤੋਂ ਬਾਅਦ ਉਹ ਉਸ ਨੂੰ ਆਪਣੇ ਕੈਬਿਨ ’ਚ ਲੈ ਗਿਆ ਅਤੇ ਇਸ ਦੌਰਾਨ ਉਸ ਨਾਲ ਦਰਿੰਦਗੀ ਕੀਤੀ ਗਈ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਪੀੜਤਾ ਨੇ ਤੁਰੰਤ 112 ’ਤੇ ਕਾਲ ਕਰ ਕੇ ਪੁਲਸ ਨੂੰ ਸੂਚਿਤ ਕੀਤਾ। ਗੋਰਖਪੁਰ ਜੀ. ਆਰ. ਪੀ. ਥਾਣੇ ’ਚ ਮੁਲਜ਼ਮ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ ਅਤੇ ਪੀੜਤਾ ਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ। ਪੁਲਸ ਅਨੁਸਾਰ ਮੁਲਜ਼ਮ ਟੀ. ਟੀ. ਈ. ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੀ ਭਾਲ ’ਚ ਕਈ ਟੀਮਾਂ ਲਗਾਈਆਂ ਗਈਆਂ ਹਨ।
ਰੇਲਵੇ ’ਚ ਔਰਤਾਂ ਦੀ ਸੁਰੱਖਿਆ ’ਤੇ ਉੱਠ ਰਹੇ ਸਵਾਲ ਇਸ ਘਟਨਾ ਤੋਂ ਬਾਅਦ ਫਿਰ ਤੇਜ਼ ਹੋ ਗਏ ਹਨ, ਕਿਉਂਕਿ ਯਾਤਰੀਆਂ ਦੀ ਸੁਰੱਖਿਆ ਦੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ।
