Election Diary: ਪੀ. ਐੱਮ. ਬਣਨ 'ਚ ਨਾਕਾਮ ਹੋਣ 'ਤੇ ਚਵਾਨ ਬਣੇ ਡਿਪਟੀ ਸੀ. ਐੱਮ.

Thursday, Apr 04, 2019 - 11:54 AM (IST)

ਜਲੰਧਰ (ਨਰੇਸ਼ ਕੁਮਾਰ)— ਇੰਦਰਾ ਗਾਂਧੀ ਵਲੋਂ 1975 ਵਿਚ ਦੇਸ਼ ਵਿਚ ਐਮਰਜੈਂਸੀ ਲਾਏ ਜਾਣ ਤੋਂ ਬਾਅਦ 1977 'ਚ ਹੋਈਆਂ ਆਮ ਚੋਣਾਂ 'ਚ ਜਨਤਾ ਪਾਰਟੀ ਦੀ ਸਰਕਾਰ ਤਾਂ ਬਣ ਗਈ ਪਰ ਇਹ ਸਰਕਾਰ ਜ਼ਿਆਦਾ ਸਮਾਂ ਨਹੀਂ ਚੱਲ ਸਕੀ ਅਤੇ ਮੋਰਾਰਜੀ ਦੇਸਾਈ ਨੂੰ 28 ਜੁਲਾਈ 1979 ਨੂੰ ਅਸਤੀਫਾ ਦੇਣਾ ਪਿਆ। ਉਨ੍ਹਾਂ ਦੇ ਅਸਤੀਫੇ ਨਾਲ ਹੀ ਇਸ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਰਹੇ ਚਰਨ ਸਿੰਘ ਅਤੇ ਜਗਜੀਵਨ ਰਾਮ ਦਾ ਵੀ ਅਸਤੀਫਾ ਹੋ ਗਿਆ। ਸਰਕਾਰ ਦੇ ਡਿਗਣ ਤੋਂ ਬਾਅਦ ਬੰਬਈ ਦੇ ਸਾਬਕਾ ਮੁੱਖ ਮੰਤਰੀ ਰਹੇ ਯਸ਼ਵੰਤ ਰਾਓ ਚਵਾਨ ਨੇ ਕੇਂਦਰ ਵਿਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਨਹੀਂ ਹੋ ਸਕੇ ਪਰ ਇਸੇ ਦਰਮਿਆਨ ਚਰਨ ਸਿੰਘ ਨੇ ਕਾਂਗਰਸ ਦੇ ਸਮਰਥਨ ਨਾਲ ਕੇਂਦਰ ਵਿਚ ਬਹੁਮਤ ਸਾਬਤ ਕੀਤਾ ਅਤੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਚਵਾਨ ਨੂੰ ਆਪਣੀ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਨਵਾਜਿਆ। 

ਉਹ 28 ਜੁਲਾਈ 1979 ਤੋਂ 14 ਜਨਵਰੀ 1980 ਤਕ ਲਈ ਹੀ ਉਪ ਪ੍ਰਧਾਨ ਮੰਤਰੀ ਰਹੇ। ਉਸ ਤੋਂ ਬਾਅਦ ਚਰਨ ਸਿੰਘ ਦੀ ਸਰਕਾਰ ਡਿਗ ਗਈ ਅਤੇ ਚਵਾਨ ਦਾ ਅਹੁਦਾ ਵੀ ਜਾਂਦਾ ਲੱਗਾ। ਚਵਾਨ ਕਾਂਗਰਸ ਦੇ ਸੀਨੀਅਰ ਨੇਤਾ ਸਨ ਅਤੇ 1946 ਵਿਚ ਬੰਬਈ ਵਿਧਾਨ ਸਭਾ ਲਈ ਚੁਣੇ ਗਏ ਸਨ ਜਦੋਂ 1953 ਵਿਚ ਬੰਬਈ ਵਿਚ ਮੋਰਾਰਜੀ ਦੇਸਾਈ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਚਵਾਨ ਨੂੰ ਆਪਣੀ ਕੈਬਨਿਟ ਵਿਚ ਸ਼ਾਮਲ ਕਰ ਕੇ ਫੂਡ ਸਪਲਾਈ ਮੰਤਰਾਲਾ ਦਾ ਚਾਰਜ ਦਿੱਤਾ। 1962 ਵਿਚ ਕ੍ਰਿਸ਼ਨਾ ਮੈਨਨ ਦੇ ਅਸਤੀਫੇ ਤੋਂ ਬਾਅਦ ਚਵਾਨ ਨੂੰ ਰੱਖਿਆ ਮੰਤਰੀ ਬਣਾਇਆ ਗਿਆ। ਇਸ ਤੋਂ ਬਅਦ ਲਾਲ ਬਹਾਦਰ ਸ਼ਾਸਤਰੀ ਦੀ ਸਰਕਾਰ ਵਿਚ ਵੀ ਉਹ ਰੱਖਿਆ ਮੰਤਰੀ ਰਹੇ। 1978 ਵਿਚ ਜਦੋਂ ਕਾਂਗਰਸ ਦੀ ਵੰਡ ਹੋਈ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਕਾਂਗਰਸ (ਯੂ) ਦਾ ਗਠਨ ਕੀਤਾ ਸੀ ਅਤੇ ਬਾਅਦ ਵਿਚ ਕਾਂਗਰਸ ਸੋਸ਼ਲਿਸਟ ਦੇ ਨਾਲ ਜੁੜ ਗਏ।


DIsha

Content Editor

Related News