ਮੋਟਰਸਾਈਕਲ ’ਚ ਪੈਟਰੋਲ ਖਤਮ ਹੋਣ ’ਤੇ ਮਦਦ ਮੰਗਣੀ ਪਈ ਮਹਿੰਗੀ, ਖੋਹ ਲਿਆ ਸਾਰਾ ਸਾਮਾਨ

Thursday, Jul 10, 2025 - 02:23 AM (IST)

ਮੋਟਰਸਾਈਕਲ ’ਚ ਪੈਟਰੋਲ ਖਤਮ ਹੋਣ ’ਤੇ ਮਦਦ ਮੰਗਣੀ ਪਈ ਮਹਿੰਗੀ, ਖੋਹ ਲਿਆ ਸਾਰਾ ਸਾਮਾਨ

ਲੁਧਿਆਣਾ (ਗੌਤਮ) : ਢੋਲੇਵਾਲ ਇਲਾਕੇ ’ਚ ਮੋਟਰਸਾਈਕਲ ਦਾ ਪੈਟਰੋਲ ਖਤਮ ਹੋਣ ’ਤੇ 3 ਨੌਜਵਾਨਾਂ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ 5 ਨੌਜਵਾਨਾਂ ਤੋਂ ਮਦਦ ਮੰਗਣੀ ਪੈ ਗਈ, ਜਦ ਮਦਦ ਕਰਨ ਆਏ ਨੌਜਵਾਨਾਂ ਨੇ ਕੁੱਟਮਾਰ ਕਰਦੇ ਹੋਏ ਉਨ੍ਹਾਂ ਤੋਂ 15 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਅਤੇ ਹੋਰ ਸਾਮਾਨ ਖੋਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

ਲੁੱਟ ਦਾ ਸ਼ਿਕਾਰ ਹੋਏ ਲੋਕਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਪਤਾ ਲਗਦੇ ਹੀ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਜਾਂਚ ਤੋਂ ਬਾਅਦ ਚੂੰਗੀ ਮੇਹਰਬਾਨ ਰਾਹੋਂ ਰੋਡ ਦੇ ਰਹਿਣ ਵਾਲੇ ਬੀਰੂ ਚੌਹਾਨ ਦੇ ਬਿਆਨ ’ਤੇ ਅਣਪਛਾਤੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਬੀਰੂ ਚੌਹਾਨ ਨੇ ਦੱਸਿਆ ਕਿ 7 ਜੁਲਾਈ ਦੀ ਰਾਤ ਨੂੰ ਉਹ ਆਪਣੇ ਜੀਜੇ ਰਾਮ ਪ੍ਰਤਾਪ ਅਤੇ ਸਾਂਢੂ ਫਾਗੂ ਰਾਮ ਨਾਲ ਆਪਣੇ ਮੋਟਰਸਾਈਕਲ ’ਤੇ ਢੰਡਾਰੀ ਜਾ ਰਹੇ ਸਨ। ਜਦੋਂ ਉਹ ਮੰਜੂ ਕੱਟ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਮੋਟਰਸਾਈਕਲ ’ਚ ਪੈਟ੍ਰੋਲ ਖਤਮ ਹੋ ਗਿਆ। ਇਸ ਦੌਰਾਨ ਉਨ੍ਹਾਂ ਦੇ ਪਿੱਛੇ 2 ਮੋਟਰਸਾਈਕਲਾਂ ’ਤੇ 5 ਨੌਜਵਾਨ ਆ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਰੋਕ ਕੇ ਮਦਦ ਮੰਗੀ ਤਾਂ ਉਹ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਲਗਾ ਕੇ ਪੈਟ੍ਰੋਲ ਪੰਪ ਦੇ ਰਸਤੇ ਵੱਲ ਲੈ ਗਏ ਪਰ ਰਸਤੇ ’ਚ ਇਕ ਸੁੰਨਸਾਨ ਜਗ੍ਹਾ ’ਤੇ ਉਨ੍ਹਾਂ ਨੇ ਮੋਟਰਸਾਈਕਲ ਰੋਕ ਲਿਆ।

ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕਰਦੇ ਹੋਏ ਮੁਲਜ਼ਮਾਂ ਨੇ ਉਨ੍ਹਾਂ ਤੋਂ 15 ਹਜ਼ਾਰ ਰੁਪਏ ਦੀ ਨਕਦੀ, 3 ਮੋਬਾਈਲ ਅਤੇ ਹੋਰ ਸਾਮਾਨ ਖੋਹ ਲਿਆ। ਜਦੋਂ ਉਨ੍ਹਾਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
 


author

Inder Prajapati

Content Editor

Related News