ਡਰੱਗ ਮਨੀ ਨਾਲ ਬਣੇ ਮਕਾਨਾਂ ਵਿਰੁੱਧ ਐਕਸ਼ਨ, ਪੁਲਸ ਕਮਿਸ਼ਨਰ ਨੇ ਕੀਤੀ ਸਖ਼ਤ ਕਾਰਵਾਈ
Friday, Jul 11, 2025 - 02:13 AM (IST)

ਅੰਮ੍ਰਿਤਸਰ - ਕੋਟ ਖਾਲਸਾ ਇਲਾਕੇ ਦੇ ਅੰਦਰ ਨਸ਼ਾ ਤਸਕਰ ਸੌਰਵ ਪ੍ਰਤਾਪ ਉਰਫ ਸਨੀ ਦੇ ਘਰ ਨੂੰ ਅੱਜ ਨਗਰ ਨਿਗਮ ਅਤੇ ਅੰਮ੍ਰਿਤਸਰ ਪੁਲਸ ਵੱਲੋਂ ਤੋੜ ਦਿੱਤਾ ਗਿਆ। ਸਨੀ ਉੱਤੇ 25 ਤੋਂ ਵੱਧ ਮੁਕਦਮੇ ਦਰਜ ਹਨ ਅਤੇ ਉਹ 2009 ਤੋਂ ਨਸ਼ੇ ਦੀ ਦੁਨੀਆ ਵਿੱਚ ਸਰਗਰਮ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਨਸ਼ੇ ਦੇ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ।
ਕਮਿਸ਼ਨਰ ਨੇ ਦੱਸਿਆ ਕਿ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 668 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਲਗਭਗ 1300 ਡਰੱਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 73 ਵਾਹਨ, 2 ਕਰੋੜ 52 ਲੱਖ ਰੁਪਏ ਦੀ ਡਰੱਗ ਮਨੀ, ਕਿਲੋ ਹੀਰੋਇਨ ਅਤੇ ਲੱਖਾਂ ਗੋਲੀਆਂ, ਟੈਬਲੇਟਾਂ, ਇੰਜੈਕਸ਼ਨਾਂ ਦੀ ਬਰਾਮਦਗੀ ਵੀ ਹੋਈ ਹੈ।
ਸੌਰਵ ਪ੍ਰਤਾਪ ਦਾ ਪਰਿਵਾਰ ਵੀ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ 'ਚ ਸ਼ਾਮਲ ਸੀ। ਘਰ ਮਿਊਂਸਿਪਲ ਕਾਰਪੋਰੇਸ਼ਨ ਦੇ ਆਰਡਰ ਰਾਹੀਂ ਤੋੜਿਆ ਗਿਆ। ਪੁਲਸ ਨੇ ਇਸ ਇਲਾਕੇ ਵਿੱਚ ਨੌਜਵਾਨਾਂ ਨਾਲ ਵੀ ਗੱਲਬਾਤ ਕਰ ਕੇ ਇਹ ਸੁਨੇਹਾ ਦਿੱਤਾ ਕਿ ਡਰੱਗ ਮਨੀ ਨਾਲ ਬਣੀਆਂ ਇਮਾਰਤਾਂ ਦਾ ਅੰਤ ਇਸੇ ਤਰ੍ਹਾਂ ਹੁੰਦਾ ਹੈ।
ਸਨੀ ਦੇ ਵਿਰੁੱਧ ਹੋਸ਼ਿਆਰਪੁਰ, ਬਠਿੰਡਾ, ਮਾਨਸਾ, ਨਾਭਾ, ਅਤੇ ਹੋਰ ਸ਼ਹਿਰਾਂ ਵਿੱਚ ਵੀ ਐਨਡੀਪੀਐਸ ਤੇ ਡਕੈਤੀ ਦੀਆਂ ਤਿਆਰੀਆਂ ਸੰਬੰਧੀ ਕਈ ਪਰਚੇ ਦਰਜ ਹਨ। ਇਹ ਕਾਰਵਾਈ ਅੰਮ੍ਰਿਤਸਰ ਵਿੱਚ ਡਰੱਗ ਵਿਰੋਧੀ ਮੁਹਿੰਮ ਦੌਰਾਨ ਹੋਈ ਦਸਵੀਂ ਤੋੜਫੋੜ ਹੈ। ਪੁਲਸ ਨੇ ਇਸ ਡਰਾਈਵ ਨੂੰ ਨਸ਼ਿਆਂ ਵਿਰੁੱਧ ਜੰਗ ਦੱਸਦਿਆਂ ਕਿਹਾ ਕਿ ਇਹ ਅਭਿਆਨ ਅਜੇ ਹੋਰ ਤੇਜ਼ੀ ਨਾਲ ਚੱਲੇਗਾ।