ਪੰਜਾਬ ਦੀ ਧੀ ਨੇ ਇਟਲੀ ''ਚ ਮਾਰੀਆਂ ਮੱਲਾਂ ! ''ਅੱਖਾਂ'' ਨੂੰ ਨਹੀਂ ਬਣਨ ਦਿੱਤਾ ਰਾਹ ''ਚ ਰੁਕਾਵਟ
Thursday, Jul 10, 2025 - 02:34 PM (IST)

ਰੋਮ (ਦਲਵੀਰ ਸਿੰਘ ਕੈਂਥ)- 'ਉੱਗਣ ਵਾਲੇ ਤਾਂ ਪੱਥਰਾਂ ਦਾ ਸੀਨਾ ਪਾੜ ਕੇ ਉੱਗ ਪੈਂਦੇ ਹਨ।'' ਇਹ ਉਦਾਹਰਨ ਇਕ ਵਾਰ ਫ਼ਿਰ ਉਦੋਂ ਸੱਚ ਸਾਬਤ ਹੋ ਗਈ, ਜਦੋਂ ਇਟਲੀ ਦੇ ਅਰੈਸੋ ਜ਼ਿਲ੍ਹੇ ਵਿਖੇ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਮੁਨੀਸ਼ਾ ਕੁਮਾਰੀ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਹਾਲ ਹੀ ਵਿੱਚ ਉਸ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਵਿੱਚੋਂ 110 ਵਿੱਚੋਂ 105 ਅੰਕ ਪ੍ਰਾਪਤ ਕਰ ਕੇ ਡਿਗਰੀ ਹਾਸਲ ਕੀਤੀ ਹੈ।
ਉਸ ਦੀ ਇਹ ਕਾਮਯਾਬੀ ਇਟਲੀ ਸਮੇਤ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਮਿਸਾਲ ਬਣ ਗਈ ਹੈ। ਮਨੀਸ਼ਾ ਕੁਮਾਰੀ ਦਾ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੈਂਦੇ ਪਿੰਡ ਐਮਾਂ ਜੱਟਾਂ ਨਾਲ ਸਬੰਧਿਤ ਹੈ। ਉਹ ਪਹਿਲਾਂ ਵੀ ਪੜ੍ਹਾਈ ਵਿੱਚ ਟਾਪ ਕਰ ਕੇ ਮਾਪਿਆਂ ਦਾ ਮਾਣ ਵਧਾ ਚੁੱਕੀ ਹੈ। ਮਨੀਸ਼ਾ ਕੁਮਾਰੀ ਆਪਣੀ ਮਾਤਾ ਮੀਨਾ ਰਾਣੀ ਨਾਲ ਤਕਰੀਬਨ 17 ਸਾਲ ਪਹਿਲਾਂ ਇਟਲੀ ਆਈ ਸੀ।
ਉਸ ਦੇ ਪਿਤਾ ਬਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਨਜ਼ਰ ਨਹੀਂ ਆਉਂਦਾ, ਪਰ ਇਸ ਦੇ ਬਾਵਜੂਦ ਉਹ ਬਹੁਤ ਹੀ ਹੋਣਹਾਰ ਹੈ ਅਤੇ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਹੈ। ਇਟਲੀ ਵਿੱਚ ਮੁਢਲੀ ਪੜ੍ਹਾਈ ਤੋਂ ਬਾਅਦ ਮਨੀਸ਼ਾ ਕੁਮਾਰੀ ਨੇ ਯੂਨੀਵਰਸਿਟੀ ਆਫ ਪੀਜ਼ਾ ਤੋਂ ਇੰਟਰਨੈਸ਼ਨਲ ਪੋਲੀਟੀਕਲ ਸਾਇੰਸ ਦੇ ਤਿੰਨ ਸਾਲਾਂ ਡਿਗਰੀ ਕੋਰਸ ਵਿੱਚ ਦਾਖਲਾ ਲਿਆ ਸੀ, ਜਿਸ ਵਿੱਚੋਂ ਬੀਤੇ ਦਿਨੀਂ ਉਸ ਨੇ ਇਹ ਡਿਗਰੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਹੁਣ ਇਸ ਸੂਬੇ 'ਚ ਹੜ੍ਹ ਨੇ ਦਿੱਤੀ ਦਸਤਕ ! ਤੀਲਿਆਂ ਵਾਂਗ ਰੁੜ੍ਹ ਗਏ ਘਰ, 3 ਲੋਕਾਂ ਦੀ ਹੋਈ ਮੌਤ
ਮਨੀਸ਼ਾ ਕੁਮਾਰੀ ਨੇ ਦੱਸਿਆ ਕਿ ਪਹਿਲਾਂ ਇਹ ਪੜ੍ਹਾਈ ਬਰੇਲ ਲਿਪੀ (ਬਿੰਦੂਆਂ) ਰਾਹੀਂ ਕੀਤੀ ਜਾਂਦੀ ਸੀ। ਪਰੰਤੂ ਹੁਣ ਇਹ ਆਧੁਨਿਕ ਸਾਧਨਾਂ ਰਾਹੀਂ ਵੋਕਲ ਸਿਸਟਮ ਰਾਹੀਂ ਕੰਪਿਊਟਰ ਦੁਆਰਾ ਕੀਤੀ ਜਾਂਦੀ ਹੈ। ਪੜ੍ਹਾਈ ਦੌਰਾਨ ਯੂਨੀਵਰਸਿਟੀ ਵੱਲੋਂ ਵੀ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ। ਉਹ ਇਸ ਪ੍ਰਾਪਤੀ ਲਈ ਪਰਮਾਤਮਾ ਅਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ।
ਮਨੀਸ਼ਾ ਕੁਮਾਰੀ ਦੀ ਪੜ੍ਹਾਈ ਦੇ ਖੇਤਰ ਵਿੱਚ ਕੀਤੀ ਇਹ ਪ੍ਰਾਪਤੀ ਇਸ ਸਮੇਂ ਪੜ੍ਹਾਈ ਕਰ ਰਹੇ ਨੌਜਵਾਨਾਂ ਲਈ ਇੱਕ ਉਦਾਹਰਣ ਹੈ, ਕਿਉਂਕਿ ਇਸ ਲੜਕੀ ਨੇ ਅੱਖਾਂ ਦੀ ਰੋਸ਼ਨੀ ਨੂੰ ਆਪਣੇ ਜਜ਼ਬੇ ਅਤੇ ਜਨੂੰਨ ਨਾਲ ਪੜਾਈ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਅਜਿਹੇ ਬੱਚੇ ਜਿੱਥੇ ਸਮਾਜ ਵਿਚ ਮਾਂ ਪਿਓ ਨੂੰ ਆਦਰ-ਸਨਮਾਨ ਦਿਵਾਉਂਦੇ ਹਨ, ਉੱਥੇ ਹੀ ਉਹ ਆਪਣੇ ਦੇਸ਼ ਅਤੇ ਆਪਣੇ ਸੂਬੇ ਲਈ ਵੀ ਮਾਣ ਬਣਦੇ ਹਨ।
ਮਨੀਸ਼ਾ ਕੁਮਾਰੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਉਸ ਦਾ ਮਾਸਟਰ ਡਿਗਰੀ ਕਰਨ ਦਾ ਇਰਾਦਾ ਹੈ। ਉਮੀਦ ਹੈ ਕਿ ਭਾਰਤ ਦੀ ਇਹ ਬੇਟੀ ਭਵਿੱਖ ਵਿੱਚ ਵੀ ਤਰੱਕੀ ਦੀਆਂ ਖੂਬ ਪੁਲਾਂਘਾਂ ਪੁੱਟੇਗੀ ਅਤੇ ਆਪਣਾ, ਆਪਣੇ ਮਾਂ-ਬਾਪ ਅਤੇ ਆਪਣੇ ਭਾਈਚਾਰੇ ਦਾ ਨਾਂ ਖੂਬ ਰੌਸ਼ਨ ਕਰੇਗੀ। ਇਸ ਮਗਰੋਂ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਸਕੇ-ਸਬੰਧੀਆਂ, ਸਨੇਹੀਆਂ ਅਤੇ ਦੋਸਤਾਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ- ਇਕ ਹੋਰ ਭਾਰਤੀ ਨੂੰ ਦੇਸ਼ ਨਿਕਾਲਾ ! ਅਸਾਈਲਮ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਣਾਇਆ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e