ਸ਼ਰੂਤੀ ਅਗਰਵਾਲ ਮਾਪਿਆਂ, ਸਕੂਲ ਅਤੇ ਹਲਕੇ ਦਾ ਬਣੀ ਮਾਣ
Thursday, Jul 10, 2025 - 09:20 AM (IST)

ਭਗਤਾ ਭਾਈ (ਢਿੱਲੋਂ) : ਸਥਾਨਕ ਸ਼ਹਿਰ ਦੇ ਸੀ. ਐੱਮ. ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ ਤੋਂ ਪੜ੍ਹੇ ਹੋਏ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬ ਹੋ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਸ਼ਰੂਤੀ ਅਗਰਵਾਲ ਪੁੱਤਰੀ ਮਹਾਦੇਵ ਜਿੰਦਲ ਅਤੇ ਸ਼੍ਰੀਮਤੀ ਇੰਦੂ ਜਿੰਦਲ ਵਾਸੀ ਭਗਤਾ ਭਾਈ ਤੋਂ ਮਿਲਦੀ ਹੈ। ਸ਼ਰੂਤੀ ਨੇ ਭਾਰਤ ਸਰਕਾਰ ਦੇ ਅਦਾਰੇ ਦਾ 'ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ' ਦੁਆਰਾ ਲਈ ਜਾਂਦੀ ਪ੍ਰੀਖਿਆ 'ਸੀ ਏ' ਫਾਈਨਲ ਪਹਿਲੀ ਵਾਰ ਵਿੱਚ ਹੀ ਸਫਲਤਾ ਸਹਿਤ ਪਾਸ ਕੀਤੀ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ ’ਚ ਪੈਟਰੋਲ ਖਤਮ ਹੋਣ ’ਤੇ ਮਦਦ ਮੰਗਣੀ ਪਈ ਮਹਿੰਗੀ, ਖੋਹ ਲਿਆ ਸਾਰਾ ਸਾਮਾਨ
ਚੇਤੇ ਰਹੇ ਕਿ ਇਸ ਬੱਚੀ ਨੇ ਸੈਸ਼ਨ 2017-18 ਦੌਰਾਨ ਦਸਵੀਂ ਕਲਾਸ ਦੀ ਪ੍ਰੀਖਿਆ ਇਸੇ ਸਕੂਲ ਤੋਂ ਪਾਸ ਕੀਤੀ ਸੀ ਜਿਸ ਨੇ ਨਵੰਬਰ 2020 ਤੋਂ ਲੈ ਕੇ ਮਈ 2025 ਦੇ ਸਮੇਂ ਦੌਰਾਨ ਚਾਰਟਰਡ ਅਕਾਊਂਟੈਂਟਸ ਦੀ ਪੜ੍ਹਾਈ ਕੀਤੀ। ਇਸ ਹੋਣਹਾਰ ਬੱਚੀ ਦੀ ਕਾਮਯਾਬੀ 'ਤੇ ਸਕੂਲ ਦੇ ਚੇਅਰਮੈਨ ਖੁਸ਼ਵੰਤ ਸਿੰਘ, ਮੈਨੇਜਿੰਗ ਡਾਇਰੈਕਟਰ ਜੈ ਸਿੰਘ ਅਤੇ ਪ੍ਰਿੰਸੀਪਲ ਰਮਨ ਕੁਮਾਰ ਵੱਲੋਂ ਪਰਿਵਾਰ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਖਤ ਮਿਹਨਤ ਲਗਨ ਅਤੇ ਆਤਮ-ਵਿਸ਼ਵਾਸ ਦੇ ਕਾਰਨ ਹੀ ਇਹ ਪੇਪਰ ਇਸ ਬੱਚੀ ਨੇ ਪਾਸ ਕੀਤਾ ਹੈ। ਇਹ ਬੱਚੀ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾਸਰੋਤ ਹੈ। ਇਹ ਸਿਰਫ ਇਕੱਲੇ ਪਰਿਵਾਰ ਜਾਂ ਵਿਦਿਆਰਥੀ ਲਈ ਖੁਸ਼ੀ ਦੀ ਗੱਲ ਨਹੀਂ, ਸਗੋਂ ਪੂਰੇ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸ਼ਰੂਤੀ ਅਗਰਵਾਲ ਨੂੰ ਭਵਿੱਖ ਵਿੱਚ ਹੋਰ ਕਾਮਯਾਬ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8