ਜਹਾਜ਼ ’ਚ ਬੰਬ ਹੋਣ ਦੀ ਧਮਕੀ ਮਿਲਣ ਨਾਲ ਮਚੀ ਹਫੜਾ-ਦਫੜੀ
Tuesday, Jul 08, 2025 - 10:17 AM (IST)

ਮੋਹਾਲੀ (ਜੱਸੀ) : ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੋਮਵਾਰ ਨੂੰ ਹੈਦਰਾਬਾਦ ਤੋਂ ਇੰਡੀਗੋ ਦੇ ਇਕ ਜਹਾਜ਼ ’ਚ ਬੰਬ ਹੋਣ ਦੀ ਧਮਕੀ ਮਿਲਣ ਨਾਲ ਹਫੜਾ-ਦਫੜੀ ਮਚ ਗਈ। ਇੰਡੀਗੋ ਏਅਰਲਾਈਨਜ਼ ਦੇ ਸਫ਼ਾਈ ਕਾਮਿਆਂ ਨੂੰ ਯਾਤਰੀਆਂ ਦੇ ਉਤਰਨ ਤੋਂ ਬਾਅਦ ਜਹਾਜ਼ ਦੇ ਪਖਾਨੇ ਅੰਦਰ ਟਿਸ਼ੂ ਪੇਪਰ ’ਤੇ ‘ਅੰਦਰ ਬੰਬ’ ਲਿਖਿਆ ਮਿਲਿਆ। ਇਹ ਘਟਨਾ ਇੰਡੀਗੋ ਦੇ ਜਹਾਜ਼ ਨੰਬਰ 65-108 ’ਤੇ ਵਾਪਰੀ, ਜਿਸ ਨੇ ਸਵੇਰੇ 9:45 ਵਜੇ ਹੈਦਰਾਬਾਦ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਸਵੇਰੇ 11:50 ਵਜੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਿਆ।
ਜਹਾਜ਼ ’ਚ 2 ਪਾਇਲਟਾਂ ਸਮੇਤ ਪੰਜ ਚਾਲਕ ਦਲ ਦੇ ਮੈਂਬਰ ਤੇ 220 ਯਾਤਰੀ ਸਵਾਰ ਸਨ। ਜਹਾਜ਼ ਨੇ 12:45 ਵਜੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਉਡਾਣ ਦੁਪਹਿਰ 1:40 ਵਜੇ ਦੇ ਕਰੀਬ ਰਵਾਨਾ ਹੋਈ। ਅਧਿਕਾਰੀਆਂ ਅਨੁਸਾਰ ਲੈਂਡਿੰਗ ਤੋਂ ਬਾਅਦ ਰੈਗੂਲਰ ਸਫ਼ਾਈ ਪ੍ਰਕਿਰਿਆ ਦੌਰਾਨ ਬੰਬ ਦੀ ਧਮਕੀ ਸਾਹਮਣੇ ਆਈ। ਇਸ ਦੌਰਾਨ ਬੰਬ ਨਕਾਰਾ ਟੀਮ ਨੂੰ ਬੁਲਾਇਆ ਗਿਆ ਤੇ ਜਹਾਜ਼ ਦੀ ਪੂਰੀ ਤਲਾਸ਼ੀ ਲਈ ਗਈ। ਖ਼ੁਸ਼ਕਿਸਮਤੀ ਨਾਲ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਪਰ ਇਸ ਸੁਨੇਹੇ ਨੇ ਹਵਾਈ ਅੱਡੇ ’ਤੇ ਇਕ ਵੱਡਾ ਸੁਰੱਖਿਆ ਡਰ ਪੈਦਾ ਕਰ ਦਿੱਤਾ। ਪੁਲਸ ਨੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 351, 324 (5) ਤੇ 217 ਅਤੇ ਏਅਰਕ੍ਰਾਫਟ ਐਕਟ 1934 ਦੀ ਧਾਰਾ 3ਏ (2) ਤਹਿਤ ਮਾਮਲਾ ਦਰਜ ਕਰ ਲਿਆ ਹੈ।