ਪੰਜਾਬ ''ਚ ਹੋ ਗਿਆ ਚੋਣਾਂ ਦਾ ਐਲਾਨ, ਹੁਣ 27 ਜੁਲਾਈ ਨੂੰ ਪੈਣਗੀਆਂ ਵੋਟਾਂ

Friday, Jul 11, 2025 - 07:31 PM (IST)

ਪੰਜਾਬ ''ਚ ਹੋ ਗਿਆ ਚੋਣਾਂ ਦਾ ਐਲਾਨ, ਹੁਣ 27 ਜੁਲਾਈ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ (ਅੰਕੁਰ) : ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15.10.2024 ਨੂੰ ਹੋਈਆਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਤੋਂ ਬਾਅਦ, ਇਸ ਸਮੇਂ ਵੱਖ-ਵੱਖ ਜ਼ਿਲਿਆਂ ’ਚ ਸਰਪੰਚਾਂ ਦੀਆਂ 90 ਅਸਾਮੀਆਂ ਅਤੇ ਪੰਚਾਂ ਦੀਆਂ 1771 ਅਸਾਮੀਆਂ ਖਾਲੀ ਹਨ। ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਲਈ, ਰਾਜ ਚੋਣ ਕਮਿਸ਼ਨ ਨੇ ਉਪ-ਚੋਣਾਂ ਦਾ ਸ਼ਡਿਊਲ ਐਲਾਨਿਆ ਹੈ।

ਇਸ ਸ਼ਡਿਊਲ ਦੇ ਅਨੁਸਾਰ ਨਾਮਜ਼ਦਗੀਆਂ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ’ਚ ਦਾਖਲ ਕੀਤੀਆਂ ਜਾ ਸਕਣਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 17 ਜੁਲਾਈ ਦੁਪਹਿਰ 3 ਵਜੇ ਤੱਕ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਸ਼ਾਮ 3 ਵਜੇ ਤੱਕ ਹੋਵੇਗੀ। ਵੋਟਿੰਗ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਰਾਹੀਂ ਹੋਵੇਗੀ।

ਅਪਡੇਟ ਕੀਤੀਆਂ ਵੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ 23.05.2025 ਨੂੰ ਸਬੰਧਤ ਜ਼ਿਲਾ ਚੋਣ ਅਧਿਕਾਰੀਆਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਵੋਟਾਂ ਪੈਣ ਤੋਂ ਬਾਅਦ ਇਸ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਹੀ ਕੀਤੀ ਜਾਵੇਗੀ। ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਲਈ ਸੂਚਿਤ ਖਰਚ ਸੀਮਾ 40,000/- ਰੁਪਏ ਹੈ, ਜਦੋਂ ਕਿ ਪੰਚ ਲਈ ਖਰਚ ਸੀਮਾ 30,000/- ਰੁਪਏ ਤੈਅ ਕੀਤੀ ਗਈ ਹੈ। ਕਮਿਸ਼ਨ ਨੇ ਇਨ੍ਹਾਂ ਚੋਣਾਂ ਨੂੰ ਸੁਚਾਰੂ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News