ਸ਼ਰਦ ਪਵਾਰ ਦੀ ਮੌਜੂਦਗੀ ''ਚ ਰਾਕਾਂਪਾ ''ਚ ਸ਼ਾਮਲ ਹੋਏ ਭਾਜਪਾ ਦੇ ਸਾਬਕਾ ਨੇਤਾ ਏਕਨਾਥ ਖੜਸੇ
Friday, Oct 23, 2020 - 12:02 PM (IST)
ਮੁੰਬਈ- ਮਹਾਰਾਸ਼ਟਰ ਭਾਜਪਾ ਦੇ ਸਾਬਕਾ ਨੇਤਾ ਏਕਨਾਥ ਖੜਸੇ ਸ਼ੁੱਕਰਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਸ਼ਰਦ ਪਵਾਰ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋ ਗਏ। ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ਾਂ ਨੂੰ ਲੈ ਕੇ 2016 'ਚ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਮੰਤਰੀ ਮੰਡਲ ਤੋਂ ਹਟਾਏ ਜਾਣ ਦੇ ਬਾਅਦ ਤੋਂ ਨਾਰਾਜ਼ ਚੱਲ ਰਹੇ ਖੜਸੇ (68) ਨੇ ਬੁੱਧਵਾਰ ਨੂੰ ਭਾਜਪਾ ਛੱਡ ਦਿੱਤੀ ਸੀ। ਉਸ ਦਿਨ, ਪ੍ਰਦੇਸ਼ ਰਾਕਾਂਪਾ ਜਯੰਤ ਪਾਟਿਲ ਨੇ ਖੜਸੇ ਦੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਰਾਕਾਂਪਾ, ਰਾਜ ਦੇ ਸੱਤਾਧਾਰੀ ਗਠਜੋੜ 'ਚ ਸ਼ਿਵ ਸੈਨਾ ਅਤੇ ਕਾਂਗਰਸ ਦੇ ਨਾਲ ਸ਼ਾਮਲ ਹੈ। ਰਾਜ ਦੀ ਇਹ ਮਹਾ ਵਿਕਾਸ ਅਘਾੜੀ ਸਰਕਾਰ 11 ਮਹੀਨੇ ਪਹਿਲਾਂ ਸੱਤਾ 'ਚ ਆਈ ਸੀ।
ਇਹ ਵੀ ਪੜ੍ਹੋ : ਏਕਨਾਥ ਖੜਸੇ ਨੇ ਸੌਂਪਿਆ ਅਸਤੀਫ਼ਾ, ਕਿਹਾ- ਇਕ ਸ਼ਖਸ ਕਾਰਨ ਛੱਡੀ ਭਾਜਪਾ ਪਾਰਟੀ
ਮਹਾਰਾਸ਼ਟਰ ਦੇ ਸਾਬਕਾ ਮਾਲੀਆ ਮੰਤਰੀ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਖੜਸੇ ਇੱਥੇ ਰਾਕਾਂਪਾ ਦੇ ਹੈੱਡ ਕੁਆਰਟਰ 'ਚ ਪਾਰਟੀ 'ਚ ਸ਼ਾਮਲ ਹੋਏ। ਖੜਸੇ ਉੱਤਰ ਮਹਾਰਾਸ਼ਟਰ ਸਥਿਤ ਆਪਣੇ ਗ੍ਰਹਿ ਜ਼ਿਲ੍ਹੇ ਜਲਗਾਂਵ ਤੋਂ ਵੀਰਵਾਰ ਨੂੰ ਇੱਥੇ ਆਏ। ਉਹ ਪਿਛਲੇ 4 ਸਾਲਾਂ ਦੌਰਾਨ ਭਾਜਪਾ 'ਚ ਸਿਆਸੀ ਅਣਦੇਖੀ ਦਾ ਸਾਹਮਣਾ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਸਿਰਫ਼ 2 ਦਿਨ ਪਹਿਲਾਂ ਭਗਵਾ ਪਾਰਟੀ ਨਾਲ ਨਾਤਾ ਤੋੜਿਆ। ਰਾਕਾਂਪਾ 'ਚ ਖੜਸੇ ਦੇ ਰਸਮੀ ਰੂਪ ਨਾਲ ਦੁਪਹਿਰ 2 ਵਜੇ ਸ਼ਾਮਲ ਹੋਣ ਦਾ ਪ੍ਰੋਗਰਾਮ ਸੀ ਪਰ ਇਸ 'ਚ ਕਰੀਬ ਇਕ ਘੰਟੇ ਦੀ ਦੇਰ ਹੋਈ, ਕਿਉਂਕਿ ਪਵਾਰ ਪਾਰਟੀ ਦੇ ਨੇਤਾ ਅਤੇ ਰਾਜ 'ਚ ਮੰਤਰੀ ਜਿਤੇਂਦਰ ਆਵਹਾਡ ਨਾਲ ਇਕ ਬੈਠਕ 'ਚ ਸਨ। ਜਯੰਤ ਪਾਟਿਲ ਨੇ ਖੜਸੇ ਦਾ ਪਾਰਟੀ 'ਚ ਸਵਾਗਤ ਕੀਤਾ। ਖੜਸੇ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਫੜਨਵੀਸ 'ਤੇ ਉਨ੍ਹਾਂ ਦਾ ਜੀਵਨ ਅਤੇ ਸਿਆਸੀ ਕਰੀਅਰ ਬਰਬਾਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਵਿਰੋਧੀ ਧਿਰ 'ਤੇ ਵਰ੍ਹੇ PM ਮੋਦੀ, ਪੁੱਛਿਆ- MSP 'ਤੇ ਕਿਉਂ ਨਹੀਂ ਲਿਆ ਸੀ ਫੈਸਲਾ?