''ਯੇ ਦੋਸਤੀ ਹਮ ਨਹੀਂ ਤੋੜੇਂਗੇ...'', ਮਿਸਰ ਦੀ ਔਰਤ ਨੇ PM ਮੋਦੀ ਨੂੰ ਸੁਣਾਇਆ ਫ਼ਿਲਮ Sholay ਦਾ ਗੀਤ, ਦੇਖੋ Video

Saturday, Jun 24, 2023 - 10:22 PM (IST)

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ 3 ਦਿਨਾ ਦੌਰੇ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਮਿਸਰ ਦੇ 2 ਦਿਨਾ ਦੌਰੇ 'ਤੇ ਕਾਹਿਰਾ ਪਹੁੰਚੇ। ਇੱਥੇ ਹਵਾਈ ਅੱਡੇ 'ਤੇ ਮਿਸਰ ਦੇ ਪੀਐੱਮ ਮੁਸਤਫਾ ਮੈਡਬੌਲੀ ਨੇ ਗਲ਼ੇ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਵਾਈ ਅੱਡੇ 'ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਪੀਐੱਮ ਮੋਦੀ ਦਾ ਕਾਫਲਾ ਹੋਟਲ ਲਈ ਰਵਾਨਾ ਹੋਇਆ। 26 ਸਾਲਾਂ ਬਾਅਦ ਕਿਸੇ ਪ੍ਰਧਾਨ ਮੰਤਰੀ ਨੇ ਮਿਸਰ ਦਾ ਦੌਰਾ ਕੀਤਾ ਹੈ। ਭਾਰਤੀ ਮੂਲ ਦੇ ਲੋਕ ਹੋਟਲ ਵਿੱਚ ਪੀਐੱਮ ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਭਾਰਤੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਮੋਦੀ-ਮੋਦੀ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਨੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਸਾਰਿਆਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਭਾਰਤ-ਅਮਰੀਕਾ ਵਿਚਾਲੇ ਰੱਖਿਆ ਉਤਪਾਦਨ, ਟੈਕਨਾਲੋਜੀ ਸਮੇਤ ਇਨ੍ਹਾਂ ਖੇਤਰਾਂ 'ਚ ਹੋਏ ਕਈ ਸਮਝੌਤੇ

ਇੰਨਾ ਹੀ ਨਹੀਂ, ਮਿਸਰ ਦੀ ਔਰਤ ਨੇ ਪ੍ਰਧਾਨ ਮੰਤਰੀ ਨੂੰ ਸ਼ੋਅਲੇ ਫ਼ਿਲਮ ਦਾ ਗੀਤ "ਯੇ ਦੋਸਤੀ ਹਮ ਨਹੀਂ ਤੋੜੇਂਗੇ, ਤੇਰੀ ਜੀਤ ਮੇਰੀ ਜੀਤ, ਤੇਰੀ ਹਾਰ ਮੇਰੀ ਹਾਰ" ਵੀ ਸੁਣਾਇਆ। ਮਿਸਰ ਦੇ ਲੋਕ ਵੀ ਪੀਐੱਮ ਮੋਦੀ ਨੂੰ ਮਿਲ ਕੇ ਬਹੁਤ ਖੁਸ਼ ਸਨ। ਕਾਹਿਰਾ ਵਿੱਚ ਫ਼ਿਲਮ ਸ਼ੋਅਲੇ ਦੇ ਗੀਤ 'ਯੇ ਦੋਸਤੀ ਹਮ ਨਹੀਂ ਤੋੜੇਂਗੇ' ਨਾਲ ਪੀਐੱਮ ਮੋਦੀ ਨੂੰ ਲੁਭਾਉਣ ਵਾਲੀ ਮਿਸਰ ਦੀ ਔਰਤ ਜੇਨਾ ਦਾ ਕਹਿਣਾ ਹੈ, ''ਪੀਐੱਮ ਮੋਦੀ ਨਾਲ ਮੁਲਾਕਾਤ ਬਹੁਤ ਵਧੀਆ ਰਹੀ।''

ਮਿਸਰ ਦੀ ਇਕ ਹੋਰ ਔਰਤ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਇਹ ਮਿਸਰ ਲਈ ਸਨਮਾਨ ਦੀ ਗੱਲ ਹੈ। ਅਸੀਂ ਮਿਸਰ ਦੇ ਨਾਗਰਿਕ ਹੋਣ ਦੇ ਬਾਵਜੂਦ ਭਾਰਤੀ ਸੱਭਿਆਚਾਰ ਨੂੰ ਪਸੰਦ ਕਰਦੇ ਹਾਂ। ਸਾਨੂੰ ਭਾਰਤ ਦੀਆਂ ਜ਼ਿਆਦਾਤਰ ਚੀਜ਼ਾਂ ਚੰਗੀਆਂ ਲੱਗਦੀਆਂ ਹਨ। ਭਾਰਤ ਦੇ ਲੋਕ ਇੰਨੇ ਨਿਮਰ ਹਨ ਕਿ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ। ਮੇਰੇ ਕਈ ਭਾਰਤੀ ਦੋਸਤ ਵੀ ਹਨ। ਭਾਰਤ ਸਾਡਾ ਸਭ ਤੋਂ ਚੰਗਾ ਮਿੱਤਰ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਮੁਲਾਕਾਤ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਾਂ ਬਾਰੇ ਕਹੀ ਇਹ ਗੱਲ

ਭਲਕੇ ਮਿਸਰ ਦੇ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਮੋਦੀ ਐਤਵਾਰ ਨੂੰ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨਾਲ ਮੁਲਾਕਾਤ ਕਰਨਗੇ। ਮੋਦੀ ਭਾਰਤ 'ਤੇ ਧਿਆਨ ਕੇਂਦਰਿਤ ਕਰਦਿਆਂ ਆਪਣੇ ਹਮਰੁਤਬਾ ਮੈਡਬੌਲੀ ਦੀ ਅਗਵਾਈ ਵਾਲੀ ਮਿਸਰ ਦੀ ਕੈਬਨਿਟ ਨਾਲ ਗੋਲਮੇਜ਼ ਚਰਚਾ 'ਚ ਸ਼ਾਮਲ ਹੋਣਗੇ। ਮੋਦੀ ਮਿਸਰ ਦੇ ਗ੍ਰੈਂਡ ਮੁਫਤੀ ਡਾ. ਸ਼ੌਕੀ ਇਬਰਾਹਿਮ ਅਬਦੇਲ-ਕਰੀਮ ਆਲਮ ਨੂੰ ਮਿਲਣਗੇ ਤੇ ਬਾਅਦ ਵਿੱਚ ਮਿਸਰ ਦੇ ਪ੍ਰਮੁੱਖ ਬੁੱਧੀਜੀਵੀਆਂ ਨਾਲ ਚਰਚਾ ਕਰਨਗੇ।

ਮੋਦੀ ਐਤਵਾਰ ਨੂੰ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਬਹਾਲ ਕੀਤੀ ਗਈ 11ਵੀਂ ਸਦੀ ਦੀ ਅਲ-ਹਕੀਮ ਮਸਜਿਦ ਦਾ ਵੀ ਦੌਰਾ ਕਰਨਗੇ। ਮਸਜਿਦ ਫਾਤਿਮ ਰਾਜਵੰਸ਼ ਦੇ ਸ਼ਾਸਨ ਦੌਰਾਨ ਬਣਾਈ ਗਈ ਸੀ। ਭਾਰਤ ਵਿੱਚ ਬੋਹਰਾ ਭਾਈਚਾਰਾ ਅਸਲ 'ਚ ਫਾਤਿਮ ਰਾਜਵੰਸ਼ ਤੋਂ ਪੈਦਾ ਹੋਇਆ ਸੀ ਅਤੇ ਉਨ੍ਹਾਂ ਨੇ 1970 ਦੇ ਦਹਾਕੇ ਤੋਂ ਮਸਜਿਦ ਦਾ ਨਵੀਨੀਕਰਨ ਕਰਵਾਇਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News