ਹੁਣ ਸੁਖਪਾਲ ਖਹਿਰਾ ਦੇ ਧੀ-ਜਵਾਈ ਦੇ ਘਰ ਈ. ਡੀ. ਵਲੋਂ ਛਾਪੇਮਾਰੀ

03/09/2021 2:51:49 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛਾਪੇਮਾਰੀ ਮਗਰੋਂ ਹੁਣ ਉਨ੍ਹਾਂ ਦੇ ਧੀ-ਜਵਾਈ ਦੇ ਘਰ ਵੀ ਈ. ਡੀ. ਦੀ ਟੀਮ ਪੁੱਜੀ ਹੈ। ਦੱਸ ਦੇਈਏ ਕਿ ਖਹਿਰਾ ਦੇ ਧੀ-ਜਵਾਈ ਦਿੱਲੀ ’ਚ ਰਈਸ ਇਲਾਕੇ ਵਿਚ ਰਹਿੰਦੇ ਹਨ। ਸੂਤਰਾਂ ਮੁਤਾਬਕ ਛਾਪੇਮਾਰੀ ਦੌਰਾਨ ਪ੍ਰਾਪਰਟੀ ਅਤੇ ਬੈਂਕਾਂ ਨਾਲ ਸਬੰਧਤ ਦਸਤਾਵੇਜ਼ ਈ. ਡੀ. ਵਲੋਂ ਵੇਖੇ ਗਏ ਅਤੇ ਟੀਮ ਇਸ ਬਾਰੇ ਪੁੱਛ-ਗਿੱਛ ਕਰ ਰਹੀ ਹੈ। ਟੀਮ ਖਹਿਰਾ ਨਾਲ ਸੰਬੰਧਤ ਕਈ ਦਸਤਾਵੇਜ਼ ਸਮੇਤ ਹੋਰ ਜਾਣਕਾਰੀ ਲਈ ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਭੁਲੱਥ 'ਚ ਸੁਖਪਾਲ ਖਹਿਰਾ ਦੀ ਰਿਹਾਇਸ਼ 'ਤੇ ਈ. ਡੀ. ਵੱਲੋਂ ਛਾਪੇਮਾਰੀ (ਤਸਵੀਰਾਂ)

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ. ਡੀ. ਦੀ ਟੀਮ ਨੇ ਸੁਖਪਾਲ ਖਹਿਰਾ ਦੀ ਰਿਹਾਇਸ਼ ’ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਛਾਪੇਮਾਰੀ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਮਨੀ ਲਾਂਡਰਿੰਗ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕਾਗਜ਼ਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਹਨ। ਚੰਡੀਗੜ੍ਹ ਦੇ ਸੈਕਟਰ-5 ਸਥਿਤ ਕੋਠੀ ਅਤੇ ਭੁਲੱਥ ਹਲਕੇ ਦੇ ਜੱਦੀ ਪਿੰਡ ਰਾਮਗੜ੍ਹ ਸਥਿਤ ਉਨ੍ਹਾਂ ਦੇ ਘਰ ’ਤੇ ਈ. ਡੀ. ਵਲੋਂ ਛਾਪੇਮਾਰੀ ਕੀਤੀ ਗਈ। ਖਹਿਰਾ ਦਾ ਘਰ ਸੀਲ ਕਰ ਦਿੱਤਾ ਗਿਆ ਅਤੇ ਫੋਨ ਜ਼ਬਤ ਕਰ ਲਏ ਗਏ। ਈ. ਡੀ. ਨੇ ਖਹਿਰਾ ਤੋਂ ਮਨੀ ਲਾਂਡਰਿੰਗ ਦੇ ਮਾਮਲੇ ’ਚ ਸਵਾਲ-ਜਵਾਬ ਕੀਤੇ।

PunjabKesari

ਈ. ਡੀ. ਨੇ ਇਕ ਦਰਜਨ ਥਾਵਾਂ ’ਤੇ ਤਲਾਸ਼ੀ ਲਈ ਹੈ, ਜਿਸ ਵਿਚ ਖਹਿਰਾ ਦੀ ਰਿਹਾਇਸ਼, ਪੰਜਾਬ ਦੀਆਂ 9 ਥਾਵਾਂ ਅਤੇ ਉਨ੍ਹਾਂ ਦੇ ਜਵਾਈ ਇੰਦਰਵੀਰ ਸਿੰਘ ਜੌਹਲ ਦੇ ਘਰ ਸਮੇਤ ਦਿੱਲੀ ਦੀਆਂ ਦੋ ਥਾਵਾਂ ਸ਼ਾਮਲ ਹਨ। ਦੱਸ ਦੇਈਏ ਕਿ ਖਹਿਰਾ ਨੇ 2017 ’ਚ ਆਮ ਆਦਮੀ ਪਾਰਟੀ (ਆਪ) ਦੀ ਟਿਕਟ ’ਤੇ ਸੂਬਾ ਵਿਧਾਨ ਸਭਾ ਲਈ ਚੁਣੇ ਗਏ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਅਤੇ ਆਪਣੀ ਖ਼ੁਦ ਦੀ ਪਾਰਟੀ ‘ਪੰਜਾਬ ਏਕਤਾ’ ਪਾਰਟੀ ਬਣਾਈ। ਪਾਰਟੀ 2019 ਵਿਚ ਬਣੀ ਸੀ। 

ਕੀ ਕਹਿਣਾ ਹੈ ਸੁਖਪਾਲ ਖਹਿਰਾ ਦਾ-
ਇਸ ਸੰਬੰਧੀ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਚੱਲਦੇ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਿਰਫ ਉਨ੍ਹਾਂ ਖ਼ਿਲਾਫ਼ ਹੀ ਈ. ਡੀ. ਨੇ ਕਾਰਵਾਈ ਨਹੀਂ ਕੀਤੀ ਹੈ ਸਗੋਂ ਸਰਕਾਰ ਖ਼ਿਲਾਫ਼ ਬੋਲਣ ਵਾਲੀ ਫ਼ਿਲਮੀ ਸਿਤਾਰੀ ਤਾਪਸੀ ਪੰਨੂ, ਅਨੁਰਾਗ ਠਾਕੁਰ, ਦਲਜੀਤ ਦੁਸਾਂਝ ਵਰਗਿਆਂ ਨੂੰ ਵੀ ਈ. ਡੀ. ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਖਹਿਰਾ ਨੇ ਇਸ ਦੌਰਾਨ ਸਾਫ਼ ਕੀਤਾ ਕਿ ਉਨ੍ਹਾਂ ਦੇ ਘਰੋਂ ਜਾਅਲੀ ਪਾਸਪੋਰਟ ਬਰਾਮਦ ਹੋਣ ਦੀ ਫੈਲਾਈਆਂ ਜਾ ਰਹੀਆਂ ਖ਼ਬਰਾਂ ਬੇਬੁਨਿਆਦ ਹਨ ਅਤੇ ਉਨ੍ਹਾਂ ਕੋਲੋਂ ਕੋਈ ਫਰਜ਼ੀ ਪਾਸਪੋਰਟ ਬਰਾਮਦ ਨਹੀਂ ਹੋਇਆ ਹੈ। ਖਹਿਰਾ ਮੁਤਾਬਕ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਇਹ ਛਾਪੇ ਮਾਰੇ ਗਏ ਹਨ। ਹਾਲਾਂਕਿ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਮਨੀ ਲਾਂਡਰਿੰਗ ਨਹੀਂ ਕੀਤੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਕਾਗਜ਼ਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਈ. ਡੀ. ਦੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ


Tanu

Content Editor

Related News