‘ਆਪ’ ਦੇ ਮੰਤਰੀ ਕੈਲਾਸ਼ ਈ. ਡੀ. ਦੇ ਸਾਹਮਣੇ ਹੋਏ ਪੇਸ਼, ਆਬਕਾਰੀ ਨੀਤੀ ਮਾਮਲੇ ’ਚ ਮਿਲੇ ਸਨ ਸੰਮਨ
Saturday, Mar 30, 2024 - 07:17 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਸਰਕਾਰ ਦੇ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਕੈਲਾਸ਼ ਗਹਿਲੋਤ ਦਿੱਲੀ ਦੀ ਰੱਦ ਕੀਤੀ ਜਾ ਚੁੱਕੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਲਈ ਸ਼ਨੀਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਗਹਿਲੋਤ (49) ਨਜਫਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ’ਚ ਉਹ ਟਰਾਂਸਪੋਰਟ, ਗ੍ਰਹਿ ਅਤੇ ਕਾਨੂੰਨ ਮੰਤਰੀ ਹਨ। ਕੈਲਾਸ਼ ਗਹਿਲੋਤ ਨੂੰ ਸਵੇਰੇ ਕਰੀਬ 11.30 ਵਜੇ ਕੇਂਦਰੀ ਦਿੱਲੀ ਸਥਿਤ ਈ. ਡੀ. ਦੇ ਦਫ਼ਤਰ ’ਚ ਦਾਖ਼ਲ ਹੁੰਦੇ ਵੇਖਿਆ ਗਿਆ। ਸੂਤਰਾਂ ਨੇ ਦੱਸਿਆ ਕਿ ਗਹਿਲੋਤ ਨੂੰ ਇਸ ਮਾਮਲੇ ’ਚ ਪੁੱਛਗਿੱਛ ਲਈ ਪੇਸ਼ ਹੋਣ ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਅਧੀਨ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ।