ਚੋਣ ਕਮਿਸ਼ਨ ਨੇ ਅਪਮਾਨਜਨਕ ਟਿੱਪਣੀਆਂ ਲਈ ਦਿਲੀਪ ਘੋਸ਼ ਅਤੇ ਸੁਪ੍ਰਿਆ ਸ਼੍ਰੀਨੇਤ ਨੂੰ ਲਗਾਈ ਫਟਕਾਰ

Monday, Apr 01, 2024 - 01:59 PM (IST)

ਚੋਣ ਕਮਿਸ਼ਨ ਨੇ ਅਪਮਾਨਜਨਕ ਟਿੱਪਣੀਆਂ ਲਈ ਦਿਲੀਪ ਘੋਸ਼ ਅਤੇ ਸੁਪ੍ਰਿਆ ਸ਼੍ਰੀਨੇਤ ਨੂੰ ਲਗਾਈ ਫਟਕਾਰ

ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਔਰਤਾਂ ਦੇ ਮਾਣ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਲਈ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਦਿਲੀਪ ਘੋਸ਼ ਅਤੇ ਕਾਂਗਰਸ ਦੀ ਮਹਿਲਾ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੂੰ ਫਟਕਾਰ ਲਗਾਈ ਹੈ। ਘੋਸ਼ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸ਼੍ਰੀਨੇਤ ਨੇ ਅਦਾਕਾਰਾ ਕੰਗਨਾ ਰਨੌਤ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਸੀ। ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਦੋਵੇਂ ਨੇਤਾਵਾਂ ਨੇ ਹੇਠਲੇ ਪੱਧਰ ਦਾ ਨਿੱਜੀ ਹਮਲਾ ਕੀਤਾ ਅਤੇ ਉਹ ਚੋਣ ਜ਼ਾਬਤਾ ਦੇ ਪ੍ਰਬੰਧਾਂ ਦੀ ਉਲੰਘਣਾ ਹੈ। ਉਨ੍ਹਾਂ ਨੂੰ ਚੋਣ ਜ਼ਾਬਤਾ ਦੀ ਮਿਆਦ ਦੌਰਾਨ ਜਨਤਕ ਬਿਆਨਾਂ 'ਚ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਗਈ ਹੈ। ਕਮਿਸ਼ਨ ਵਲੋਂ ਸੋਮਵਾਰ ਤੋਂ ਇਨ੍ਹਾਂ ਦੋਹਾਂ ਨੇਤਾਵਾਂ ਦੇ ਚੋਣ ਸੰਬੰਧੀ ਗੱਲਬਾਤ 'ਤੇ ਵਿਸ਼ੇਸ਼ ਅਤੇ ਵਾਧੂ ਨਿਗਰਾਨੀ ਰੱਖੀ ਜਾਵੇਗੀ।

ਕਮਿਸ਼ਨ ਅਨੁਸਾਰ, ਜਨਤਕ ਖੇਤਰ 'ਚ ਗੱਲਬਾਤ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਅਜਿਹੀ ਕਿਸੇ ਵੀ ਅਪਮਾਨਜਨਕ ਟਿੱਪਣੀ ਅਤੇ ਚੋਣ ਜ਼ਾਬਤਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਤੋਂ ਬਚਣ ਲਈ ਆਪਣੇ ਅਹੁਦਾ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਚਿਤਾਵਨੀ ਨੋਟਿਸ ਦੀ ਇਕ ਕਾਪੀ ਉਨ੍ਹਾਂ ਦੇ ਸੰਬੰਧਤ ਮੁਖੀਆਂ ਨੂੰ ਵੀ ਭੇਜੀ ਜਾ ਰਹੀ ਹੈ। ਸ਼੍ਰੀਨੇਤ ਨੇ 'ਇੰਸਟਾਗ੍ਰਾਮ' ਅਕਾਊਂਟ ਤੋਂ ਸੋਸ਼ਲ ਮੀਡੀਆ ਮੰਚ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਖ਼ਿਲਾਫ਼ ਇਕ ਵਿਵਾਦਿਤ ਟਿੱਪਣੀ ਪੋਸਟ ਕੀਤੀ ਸੀ। ਕੰਗਨਾ ਨੂੰ ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਵਿਵਾਦ ਤੋਂ ਬਾਅਦ ਸ਼੍ਰੀਨੇਤ ਨੇ ਆਪਣੇ ਸਾਰੇ ਸੋਸ਼ਲ ਅਕਾਊਂਟਸ ਤੋਂ ਵਿਵਾਦਿਤ ਟਿੱਪਣੀਆਂ ਹਟਾ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅਕਾਊਂਟ ਤੱਕ ਕਈ ਲੋਕਾਂ ਦੀ ਪਹੁੰਚ ਹੈ ਅਤੇ ਇਹ ਟਿੱਪਣੀ ਉਨ੍ਹਾਂ ਵਲੋਂ ਨਹੀਂ ਕੀਤੀ ਗਈ। ਘੋਸ਼ ਇਕ ਵੀਡੀਓ 'ਚ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ  ਬੈਨਰਜੀ ਦੇ ਪਰਿਵਾਰਕ ਪਿਛੋਕੜ ਦਾ ਮਜ਼ਾਕ ਬਣਾਉਂਦੇ ਹੋਏ ਨਜ਼ਰ ਆਏ ਸਨ। ਬਾਅਦ 'ਚ ਉਨ੍ਹਾਂ ਨੇ ਆਪਣੀ ਵਿਵਾਦਿਤ ਟਿੱਪਣੀ ਲਈ ਮੁਆਫ਼ੀ ਮੰਗ ਲਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News