ਠੰਡ ਵਧਣ ਨਾਲ ਹੋਰ ਫੈਲੇਗਾ ਕੋਰੋਨਾ, ਅਧਿਐਨ ''ਚ ਦਾਅਵਾ
Sunday, Jul 19, 2020 - 07:55 PM (IST)
ਭੁਵਨੇਸ਼ਵਰ - ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਡਰਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ। ਆਈ.ਆਈ.ਟੀ. ਭੁਵਨੇਸ਼ਵਰ ਅਤੇ ਏਮਜ਼ ਦੇ ਖੋਜਕਾਰਾਂ ਨੇ ਸੰਯੁਕਤ ਅਧਿਐਨ 'ਚ ਪਾਇਆ ਕਿ ਮਾਨਸੂਨ ਅਤੇ ਸਰਦੀਆਂ 'ਚ ਕੋਵਿਡ-19 ਇਨਫੈਕਸ਼ਨ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਸਕਦੀ ਹੈ। ਅਧਿਐਨ ਦੀ ਮੰਨੀਏ ਤਾਂ ਇੱਕ ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ 'ਚ 0.99% ਦੀ ਗਿਰਾਵਟ ਆ ਸਕਦੀ ਹੈ। ਨਾਲ ਹੀ ਕੇਸ ਦੇ ਦੁੱਗਣੇ ਹੋਣ ਦਾ ਸਮਾਂ 1.13 ਦਿਨ ਵੱਧ ਸਕਦਾ ਹੈ।
ਅਧਿਐਨ ਦੇ ਅਨੁਸਾਰ, ਮੀਂਹ, ਤਾਪਮਾਨ 'ਚ ਕਮੀ ਅਤੇ ਸਰਦੀਆਂ ਆਉਣ ਦੇ ਚੱਲਦੇ ਵਾਤਾਵਰਣ ਦੇ ਠੰਡੇ ਹੋਣ ਨਾਲ ਦੇਸ਼ 'ਚ ਕੋਵਿਡ-19 ਦੇ ਇਨਫੈਕਸ਼ਨ ਲਈ ਇਹ ਸਮਾਂ ਅਨੁਕੂਲ ਹੋ ਸਕਦਾ ਹੈ। ਆਈ.ਆਈ.ਟੀ. ਭੁਵਨੇਸ਼ਵਰ ਦੇ ਸਕੂਲ ਆਫ ਅਰਥ, ਓਸ਼ੀਅਨ ਐਂਡ ਕਲਾਇਮੈਟ ਸਾਇੰਸਜ਼ ਵਿਭਾਗ 'ਚ ਸਹਾਇਕ ਪ੍ਰੋਫੈਸਰ, ਵੀ. ਵਿਨੋਜ ਦੀ ਅਗਵਾਈ 'ਚ ਇਹ ਅਧਿਐਨ ਕੀਤਾ ਗਿਆ ਹੈ। ਕੋਵਿਡ-19 ਦਾ ਭਾਰਤ 'ਚ ਇਨਫੈਕਸ਼ਨ ਅਤੇ ਤਾਪਮਾਨ ਅਤੇ ਅਨੁਪਾਤ ਨਮੀ 'ਤੇ ਨਿਰਭਰਤਾ (COVID-19 spread in India and its dependence on temperature and relative humidity) ਸਿਰਲੇਖ ਰਿਪੋਰਟ ਨੇ ਅਪ੍ਰੈਲ ਅਤੇ ਜੂਨ ਵਿਚਾਲੇ 28 ਸੂਬਿਆਂ 'ਚ ਕੋਰੋਨਾ ਵਾਇਰਸ ਦੇ ਕਹਿਰ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਨੂੰ ਧਿਆਨ 'ਚ ਰੱਖ ਕੇ ਇਹ ਅਧਿਐਨ ਕੀਤਾ ਗਿਆ ਹੈ।
ਤਾਪਮਾਨ ਵੱਧਣ ਨਾਲ ਇਨਫੈਕਸ਼ਨ ਦੇ ਫੈਲਾਅ 'ਚ ਗਿਰਾਵਟ
ਆਈ.ਆਈ.ਟੀ. ਭੁਵਨੇਸ਼ਵਰ ਦੇ ਸਕੂਲ ਆਫ ਅਰਥ, ਓਸ਼ੀਅਨ ਐਂਡ ਕਲਾਇਮੈਟ ਸਾਇੰਸਜ਼ ਵਿਭਾਗ 'ਚ ਸਹਾਇਕ ਪ੍ਰੋਫੈਸਰ, ਵੀ. ਵਿਨੋਜ ਕਹਿੰਦੇ ਹਨ, ਅਧਿਐਨ 'ਚ ਪਤਾ ਲੱਗਾ ਹੈ ਕਿ ਤਾਪਮਾਨ 'ਚ ਵਾਧੇ ਦੇ ਚੱਲਦੇ ਵਾਇਰਸ ਦੇ ਫੈਲਾਅ 'ਚ ਗਿਰਾਵਟ ਆਉਂਦੀ ਹੈ। ਅਧਿਐਨ 'ਚ ਪਾਇਆ ਗਿਆ ਹੈ ਕਿ ਹਿਊਮਿਡਿਟੀ ਵਧਣ ਨਾਲ ਕੋਰੋਨਾ ਦੇ ਮਾਮਲੇ ਵੱਧਦੇ ਹਨ। ਜਦੋਂ ਕਿ ਮਾਮਲਿਆਂ ਦੇ ਦੁੱਗਣੇ ਹੋਣ ਦਾ ਸਮਾਂ ਲੱਗਭੱਗ 1.18 ਦਿਨ ਘੱਟ ਜਾਂਦਾ ਹੈ। ਇਸ ਨਾਲ ਮਾਨਸੂਨ ਦੇ ਮਾਮਲਿਆਂ 'ਚ ਤੇਜ਼ੀ ਦਾ ਸ਼ੱਕ ਹੈ ਅਤੇ ਸਰਦੀਆਂ 'ਚ ਇਹ ਹੋਰ ਵੀ ਤੇਜ਼ੀ ਨਾਲ ਵੱਧ ਸਕਦਾ ਹੈ।
ਮੌਸਮ 'ਚ ਨਮੀ ਨਾਲ ਇਨਫੈਕਸ਼ਨ ਦੇ ਫੈਲਾਅ 'ਚ ਆਸਾਨੀ
ਹਾਲਾਂਕਿ, ਖੋਜਕਾਰਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਮਾਨਸੂਨ ਅਤੇ ਸਰਦੀਆਂ ਦੀ ਸ਼ੁਰੂਆਤ ਨਾਲ ਹਾਈ ਹਿਊਮਿਡਿਟੀ ਦੀ ਮਿਆਦ ਦੌਰਾਨ ਅਧਿਐਨ ਨਹੀਂ ਕੀਤਾ ਗਿਆ ਸੀ, ਇਸ ਲਈ ਇਸ ਦੇ ਸਟੀਕ ਪ੍ਰਭਾਵ ਨੂੰ ਸਥਾਪਤ ਕਰਣ ਲਈ ਜ਼ਿਆਦਾ ਜਾਂਚ ਕੀਤੇ ਜਾਣ ਦੀ ਲੋੜ ਹੈ। ਰਿਸਰਚ ਟੀਮ ਦਾ ਹਿੱਸਾ ਰਹੇ ਏਮਜ਼ ਭੁਵਨੇਸ਼ਵਰ ਦੇ ਮਾਇਕਰੋਬਾਇਓਲਾਜੀ ਵਿਭਾਗ ਦੀ ਡਾ. ਬਿਜਾਇਨੀ ਬੇਹਰਾ ਨੇ ਕਿਹਾ ਕਿ ਕਈ ਅਧਿਐਨਾਂ ਨੇ ਸੁਝਾਅ ਦਿੱਤਾ ਕਿ ਤਾਪਮਾਨ 'ਚ ਗਿਰਾਵਟ ਅਤੇ ਘੱਟ ਹਿਊਮਿਡਿਟੀ ਨੇ ਬੀਤੇ ਸਮੇਂ 'ਚ ਅਜਿਹੇ ਕਹਿਰ ਨੂੰ ਆਸਾਨ ਬਣਾ ਦਿੱਤਾ ਹੈ।
ਸਰਦੀਆਂ 'ਚ ਤੇਜੀ ਨਾਲ ਫੈਲ ਸਕਦੈ ਇਨਫੈਕਸ਼ਨ
ਅਧਿਐਨ ਨੇ ਕੋਵਿਡ-19 ਦੇ ਇਨਫੈਕਸ਼ਨ 'ਤੇ ਸੂਰਜ ਦੇ ਕਿਰਨ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਵੀ ਕੀਤਾ। ਸਹਾਇਕ ਪ੍ਰੋਫੈਸਰ, ਵੀ. ਵਿਨੋਜ ਕਹਿੰਦੇ ਹਨ, ਅਸੀਂ ਪਾਇਆ ਕਿ ਇੱਕ ਉੱਚ ਸਤ੍ਹਾ ਤੱਕ ਪੁੱਜਣ ਵਾਲੇ ਸੂਰਜ ਦੀਆਂ ਕਿਰਨਾਂ ਨਾਲ ਇਨਫੈਕਸ਼ਨ ਦੀ ਗਿਣਤੀ 'ਚ ਕਮੀ ਅਤੇ ਮਾਮਲਿਆਂ ਦੀ ਡਬਲ ਹੋਣ ਦੇ ਸਮੇਂ 'ਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਦੀ ਅਤੇ ਗਰਮੀ ਦੇ ਮੌਸਮ ਵਿਚਾਲੇ ਔਸਤ ਤਾਪਮਾਨ 'ਚ 7 ਡਿਗਰੀ ਸੈਲਸੀਅਸ ਦਾ ਫ਼ਰਕ ਹੈ। ਅਧਿਐਨ ਦੇ ਅਨੁਸਾਰ, ਸਰਦੀਆਂ ਦੌਰਾਨ ਕੋਰੋਨਾ ਵਾਇਰਸ ਦੇ ਵੱਧਦੇ ਇਨਫੈਕਸ਼ਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਧਿਐਨ ਦਾ ਟੀਚਾ ਅਧਿਕਾਰੀਆਂ ਨੂੰ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਪ੍ਰਭਾਵੀ ਉਪਾਅ ਲਿਆਉਣ 'ਚ ਮਦਦ ਕਰਨਾ ਹੈ।