ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵੱਧਣ ਨਾਲ ਲੋਕਾਂ ''ਚ ਸਹਿਮ ਦਾ ਮਾਹੌਲ
Wednesday, Aug 06, 2025 - 04:41 PM (IST)

ਮੱਖੂ (ਅਕਾਲੀਆਂ ਵਾਲਾ) : ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਨਾਲ ਮੈਦਾਨੀ ਇਲਾਕਿਆਂ ਵਿਚ ਹੜ੍ਹਾਂ ਦਾ ਮਾਹੌਲ ਬਣਦਾ ਵੇਖ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ 'ਤੇ ਸਰਕਾਰ ਦੇ ਹੁਕਮਾਂ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਖੂ ਨੇੜਿਓਂ ਵੱਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾਂ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦਰਿਆਈਂ ਖੇਤਰ ਅੰਦਰ ਵੱਜਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਗੁਰਮੀਤ ਸਿੰਘ ਮਾਨ ਜ਼ੀਰਾ, ਤਹਿਸੀਲਦਾਰ ਸਤਵਿੰਦਰ ਸਿੰਘ, ਡੀਐੱਸਪੀ ਜ਼ੀਰਾ, ਐੱਸ. ਡੀ. ਓ ਡਰੇਨਜ ਵਿਭਾਗ ਸਬ ਡਵੀਜ਼ਨ ਮੱਖੂ ਪੁਨੀਤ ਸ਼ਰਮਾ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾਂ ਦੀ ਸੁਰੱਖਿਆ ਕਰਨ ਵਾਲੇ ਡਰੇਨਜ ਵਿਭਾਗ ਮੱਖੂ ਸਬ ਡਵੀਜ਼ਨ ਵਿਚ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਬੰਨ੍ਹਾਂ ਦੀ ਦੇਖ-ਰੇਖ ਰੱਬ ਆਸਰੇ ਚੱਲ ਰਹੀ। ਪ੍ਰਾਪਤ ਵੇਰਵਿਆਂ ਅਨੁਸਾਰ ਸਬਡਵੀਜ਼ਨ ਵਿਚ ਕੇਵਲ ਦੋ ਜੇ. ਈ, ਇਕ ਵਰਕ ਮਿਸਤਰੀ, ਇਕ ਮੇਟ ਅਤੇ ਚਾਰ ਬੇਲਦਾਰ ਹਨ ਜਿਨ੍ਹਾਂ ਵਿਚੋਂ ਤਿੰਨ ਔਰਤਾਂ ਬੇਲਦਾਰ ਹਨ ਜੋ ਫ਼ੀਲਡ ਵਿਚ ਕੰਮ ਨਹੀਂ ਕਰ ਸਕਦੀਆਂ। ਉਨ੍ਹਾਂ ਸਿਰਫ ਦਫ਼ਤਰ ਦੇ ਕੰਮਾਂ ਲਈ ਹੀ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸਤਲੁਜ ਦਰਿਆ ਦੇ ਮੁਕੰਮਲ ਪ੍ਰਬੰਧਾਂ ਲਈ ਡਰੇਨਜ ਵਿਭਾਗ ਵਿਚ ਚੱਲਦੀਆਂ ਬੇਲਦਾਰਾਂ ਦੀਆਂ ਖਾਲ੍ਹੀ ਅਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।