ਪੰਜਾਬ ''ਚ ਹੜ੍ਹ ਨਾਲ ਤਬਾਹੀ! ਦੇਸ਼ ਆਜ਼ਾਦੀ ਦਾ ''ਜਸ਼ਨ'' ਮਨਾਉਣ ’ਚ ਰੁਝਿਆ, ਮੰਡ ਨਿਵਾਸੀ ''ਜ਼ਿੰਦਗੀ'' ਬਚਾਉਣ ’ਚ
Friday, Aug 15, 2025 - 03:58 PM (IST)

ਸੁਲਤਾਨਪੁਰ ਲੋਧੀ (ਧੀਰ)-15 ਅਗਸਤ ਨੂੰ ਜਿੱਥੇ ਦੇਸ਼ ਵਾਸੀ ਆਜ਼ਾਦੀ ਦਿਹਾੜੇ ਮਨਾਉਣ ਦੇ ਜਸ਼ਨਾਂ ’ਚ ਰੁੱਝ ਹੋਏ ਹਨ, ਉਥੇ ਹੀ ਮੰਡ ਨਿਵਾਸੀ ਦਰਿਆ ਬਿਆਸ ’ਚ ਵਧੇ ਪਾਣੀ ਦੇ ਪੱਧਰ ਉਪਰੰਤ ਆਏ ਹੜ੍ਹ ਦੌਰਾਨ ਦਾਅ ’ਤੇ ਲੱਗੀ ਆਪਣੀ 'ਜ਼ਿੰਦਗੀ' ਬਚਾਉਣ ’ਚ ਲੱਗੇ ਹੋਏ ਹਨ। ਪਾਣੀ ਹਰ ਪਾਸੇ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਸਥਿਤੀ ਹੋਰ ਗੰਭੀਰ ਹੋਈ ਪਈ ਹੈ। ਦਰਿਆ ਬਿਆਸ ਵਿਚ ਪਾਣੀ ਦੇ ਵਧੇ ਪੱਧਰ ਕਾਰਨ ਮੰਡ ਖੇਤਰ ਸੁਲਤਾਨਪੁਰ ਲੋਧੀ ਹਲਕੇ ’ਚ ਪੈਦਾ ਹੋਈ ਹੜ੍ਹ ਦੀ ਹਾਲਤ ਮੰਡ ਬਾਊਪੁਰ ਦੀ ਦੇ ਨਜ਼ਦੀਕ ਪਿੰਡ ਭੈਣੀ ਕਾਦਰ ਤੋਂ ਟੁੱਟੇ ਆਰਜ਼ੀ ਬੰਨ੍ਹ ਨੇ ਸਾਰੇ ਮੰਡ ਖੇਤਰ ’ਚ ਤਬਾਹੀ ਦਾ ਮੰਜ਼ਰ ਮਚਾ ਦਿੱਤਾ, ਜਿਸ ਨਾਲ ਜਿੱਥੇ 16 ਪਿੰਡਾਂ ਦੇ ਲੋਕ ਫ਼ਸਲਾਂ ਘਰ ਅਤੇ ਹੋਰ ਪਸ਼ੂਆਂ ਦਾ ਚਾਰਾ ਦੇ ਹੋਏ ਭਾਰੀ ਨੁਕਸਾਨ ਤੋਂ ਸੰਭਲ ਵੀ ਨਹੀਂ ਪਾਏ ਸਨ ਕਿ ਬੀਤੀ ਸ਼ਾਮ ਪਿੰਡ ਮਹੀਂਵਾਲ ਦੇ ਕੋਲ ਇਕ ਹੋਰ ਆਰਜ਼ੀ ਬੰਨ੍ਹ ਟੁੱਟਣ ਕਾਰਨ ਪਾਣੀ ਨੇ ਜੋ ਤਬਾਹੀ ਹੋਰ ਮਚਾਈ ਹੈ, ਉਸ ਤੋਂ ਲੱਗਦਾ ਹੈ ਕਿ ਹੜ੍ਹ ਦੀ ਸਥਿਤੀ 2023 ਵਿਚ ਆਏ ਹੜ੍ਹ ਤੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਹੁਸ਼ਿਆਰਪੁਰ 'ਚ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ, ਕੀਤੇ ਵੱਡੇ ਐਲਾਨ
ਮੰਡ ਖੇਤਰ ਦੇ ਲੋਕ ਇਸ ਤਬਾਹੀ ਨੂੰ ਵੇਖ ਬਹੁਤ ਹੀ ਡੂੰਘੇ ਸਦਮੇ ’ਚ ਹਨ। 2023 ’ਚ ਹੋਏ ਹੜ੍ਹ ਕਾਰਨ ਨੁਕਸਾਨ ਤੋਂ ਹਾਲੇ ਕਿਸਾਨ ਉੱਪਰ ਵੀ ਨਹੀਂ ਉੱਠੇ ਸਨ ਕਿ ਕੁਦਰਤ ਦਾ ਕਹਿਰ ਇਕ ਵਾਰ ਫਿਰ ਤੋਂ ਵਾਪਰ ਗਿਆ। ਮੰਡ ਖੇਤਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਗਰਾਂ ਨੇ ਦੱਸਿਆ ਕਿ ਸਾਲ 2023 ਵਿਚ ਵੀ ਆਏ ਹੜ੍ਹ ਸਮੇਂ ਜਦੋਂ ਪ੍ਰਸ਼ਾਸਨ ਨੇ ਬੰਨ੍ਹ ਬੰਨ੍ਹਣ ਤੋਂ ਹੱਥ ਖੜੇ ਕਰ ਦਿੱਤੇ ਸਨ ਤਾਂ ਉਸ ਸਮੇਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ 4 ਪੋਕ ਲੇਨ ਮਸ਼ੀਨਾਂ, ਮਿੱਟੀ ਦੇ ਬੋਰੇ ਭੇਜੇ ਸਨ ਅਤੇ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਵਾਲਿਆਂ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ ਸੰਗਤਾਂ ਨੇ ਬੜੀ ਮੁਸ਼ੱਕਤ ਨਾਲ ਬੰਨ੍ਹ ਬਣਾਇਆ ਸੀ।
ਹੁਣ ਵੀ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਸੰਪ੍ਰਦਾਇ ਸਰਹਾਲੀ ਸਾਹਿਬ ਵਾਲਿਆਂ ਦੀ ਸੰਗਤ ਦਿਨ-ਰਾਤ ਬੰਨ੍ਹ ਨੂੰ ਦੁਬਾਰਾ ਬੰਨ੍ਹਣ ਲਈ ਮਿੱਟੀ ਦੇ ਬੋਰੇ ਭਰਨ ਦੀ ਸੇਵਾ ਕਰ ਰਹੀ ਹੈ ਅਤੇ ਦਿਨ-ਰਾਤ ਲੰਗਰ ਵੀ ਚਲਾਇਆ ਜਾ ਰਿਹਾ ਹੈ। ਹੜ੍ਹ ਦੀ ਸਥਿਤੀ ਨਾਲ ਹੋਏ ਇਸ ਭਾਰੀ ਨੁਕਸਾਨ ਲਈ ਮੰਡ ਖੇਤਰ ਵਾਸੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਮੰਡ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਸਰਕਾਰ ਹੋਵੇਗੀ, ਜਿਸ ਨੇ ਹੜ੍ਹ ਪੀੜਤ ਕਿਸਾਨਾਂ, ਲੋਕਾਂ ਦਾ ਦਰਦ ਆ ਕੇ ਪੁੱਛਣਾ ਤਾਂ ਕੀ ਸੀ, ਬਲਕਿ ਕਿਸਾਨਾਂ ਨੂੰ ਹੋਏ ਇਸ ਨੁਕਸਾਨ ਦੀ ਵੀ ਭਰਭਾਈ ਵੀ ਨਹੀਂ ਕੀਤੀ। ਆਪਣੇ-ਆਪ ਨੂੰ ਕਿਸਾਨਾਂ ਦੀ ਹਮਾਇਤੀ ਅਖਵਾਉਣ ਵਾਲੀ ਅਤੇ ਬਦਲਾਅ ਦਾ ਨਾਅਰਾ ਦੇ ਕੇ ਆਈ ਇਸ ਸਰਕਾਰ ਨੇ ਕਿਸੇ ਮੰਤਰੀ ਵਿਧਾਇਕ ਜਾਂ ਮੁੱਖ ਮੰਤਰੀ ਨੇ ਖੁਦ ਗਰਾਊਂਡ ਲੈਵਲ ’ਤੇ ਆ ਕੇ ਕਿਸਾਨਾਂ ਦਾ ਦਰਦ ਤੇ ਦੁੱਖ ਨਹੀਂ ਵੇਖਿਆ।
ਇਹ ਵੀ ਪੜ੍ਹੋ: ਜਲੰਧਰ 'ਚ ਬੋਲੇ ਮੰਤਰੀ ਤਰੁਣਪ੍ਰੀਤ ਸੌਂਦ, ਸਿੱਖਿਆ 'ਚ ਕੇਰਲਾ ਨੂੰ ਛੱਡ ਪਹਿਲੇ ਸਥਾਨ 'ਤੇ ਰਿਹਾ ਪੰਜਾਬ
ਪ੍ਰਸ਼ਾਸਨ ਅਤੇ ਸਰਕਾਰ ਜੇ ਪਹਿਲਾਂ ਜਾ ਕੇ ਪ੍ਰਬੰਧ ਕਰਦੀ ਤਾ ਅਜਿਹੇ ਹਾਲਾਤ ਨਹੀਂ ਸਨ ਹੋਣੇ
ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਉਚੇਚੇ ਪ੍ਰਬੰਧ ਕਰ ਕੇ ਹਰੀਕੇ ਹੈੱਡ ਤੋਂ ਪਾਣੀ ਸਮੇਂ-ਸਮੇਂ ’ਤੇ ਰਿਲੀਜ਼ ਕਰਵਾ ਦਿੱਤਾ ਹੁੰਦਾ ਤਾਂ ਅੱਜ ਮੰਡ ਖੇਤਰ ਦੀ ਅਜਿਹੀ ਹਾਲਤ ਨਹੀਂ ਸੀ ਹੋਣੀ। ਸਰਕਾਰ ਤੇ ਪ੍ਰਸ਼ਾਸਨ ਉੱਪਰੋਂ ਸਾਰੀ ਅਫਸਰਸ਼ਾਹੀ ਵੀ ਇਹੋ ਚਾਹੁੰਦੀ ਹੈ ਕਿ ਇਸ ਖੇਤਰ ਦੇ ਲੋਕ ਕਦੀ ਵੀ ਆਬਾਦ ਤੇ ਖੁਸ਼ਹਾਲ ਨਾ ਹੋਣ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਸਰਕਾਰ ਤੇ ਪ੍ਰਸ਼ਾਸਨ ਨੂੰ ਪਤਾ ਹੁੰਦਾ ਹੈ ਕਿ ਹਰ ਸਾਲ ਇਸ ਖੇਤਰ ’ਚ ਹੜ੍ਹ ਵਰਗੇ ਹਾਲਾਤ ਬਣਦੇ ਹਨ ਤਾਂ ਪਹਿਲਾ ਕਿਉਂ ਨਹੀਂ ਪ੍ਰਬੰਧ ਕਰਦੀ। ਉਸ ਸਮੇਂ ਤਾਂ ਸਰਕਾਰ ਤੇ ਪ੍ਰਸ਼ਾਸਨ ਦਾ ਸਾਰਾ ਜ਼ੋਰ ਇਸ ਕੰਮ ’ਚ ਲੱਗਾ ਰਹਿੰਦਾ ਹੈ ਕਿ ਇਹ ਜ਼ਮੀਨ ਦਰਿਆ ਦੀ ਹੈ ਕਿਸਾਨ ਤਾਂ ਇਸ ਦੇ ਮਾਲਕ ਹੀ ਨਹੀਂ।
ਇਸ ਵਾਰ ਹੜ੍ਹ ਦੀ ਸਥਿਤੀ 2023 ਤੋਂ ਵੀ ਜ਼ਿਆਦਾ ਭਿਆਨਕ
ਮੰਡ ਸ਼ੇਰਪੁਰ ਦੇ ਨਜ਼ਦੀਕ ਇੱਕ ਹੋਰ ਬੰਨ੍ਹ ਟੁੱਟਾ ਪਿੰਡ ਭੈਣੀ ਕਾਦਰ ਮਹੀਂਵਾਲ ਤੋਂ ਬਾਅਦ ਅੱਜ ਹੁਣ ਮੰਡ ਸ਼ੇਰਪੁਰ ਦੇ ਨਜ਼ਦੀਕ ਵੀ ਇਕ ਹੋਰ ਆਰਜ਼ੀ ਬੰਨ੍ਹ ਟੁੱਟਣ ਕਾਰਨ ਦੁਆਬਾ ਖੇਤਰ ਦੇ ਪਿੰਡ ਸ਼ੇਰਪੁਰ ਆਲਮ ਖਾਂ ਮੰਡ ਮੁੰਡਾ ਮੁਹੰਮਦ ਅਲੀ ਖਾਂ ਮੰਡ ਪ੍ਰਤਾਪਪੁਰਾ ਦੇ ਨਾਲ-ਨਾਲ ਮਾਝੇ ਖੇਤਰ ਦੇ ਤਰਨ ਤਾਰਨ ਖੇਤਰ ’ਚ ਲੱਗਦੇ ਪਿੰਡਾਂ ਵਿਚ ਵੀ ਹੜ੍ਹ ਦੀ ਸਥਿਤੀ ਹੋਰ ਖ਼ਤਰਨਾਕ ਹੋ ਗਈ ਹੈ।
ਮੰਡ ਖੇਤਰ ਦੇ ਕਿਸਾਨ ਆਗੂ ਅਮਰ ਸਿੰਘ ਮੰਡ ਨੇ ਦੱਸਿਆ ਕਿ ਇਸ ਵਾਰ ਹੜ੍ਹ ਦੀ ਸਥਿਤੀ 2023 ਤੋਂ ਵੀ ਜ਼ਿਆਦਾ ਭਿਆਨਕ ਹੋ ਗਈ ਹੈ, ਪਹਾੜੀ ਖੇਤਰਾਂ ਵਿਚ ਲਗਾਤਾਰ ਫਟ ਰਹੇ ਬੱਦਲ ’ਤੇ ਪੈ ਰਿਹਾ ਭਾਰੀ ਮੀਂਹ ਵੀ ਹੜ੍ਹ ਦੀ ਸਥਿਤੀ ਨੂੰ ਹੋਰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਘਰਾਂ ਅਤੇ ਫ਼ਸਲਾਂ ਤੋਂ ਬੇਅਬਾਦ ਹੋ ਗਏ ਹਨ, ਲੋਕਾਂ ਨੂੰ ਅਜਿਹੀ ਸਥਿਤੀ ਵਿਚ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਜੇ ਪ੍ਰਸ਼ਾਸਨ ਨੇ ਪਹਿਲਾਂ ਹਰੀ ਕੇ ਸੋ ਪਾਣੀ ਰਿਲੀਜ਼ ਕਰਵਾ ਦਿੱਤਾ ਹੁੰਦਾ ਤਾਂ ਅਜਿਹੀ ਖ਼ਤਰਨਾਕ ਸਥਿਤੀ ਨਹੀਂ ਸੀ ਪੈਦਾ ਹੋਣੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਜਾਣ ਅਤੇ ਕਿੱਥੇ ਜਾਣ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ ਹੋਈਆਂ ਬੰਦ! ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e