ਉਬਰ ਕੈਬ ’ਚ ਬੈਠ ਕੇ CAA ’ਤੇ ਗੱਲ ਕਰ ਰਿਹਾ ਸੀ ਯਾਤਰੀ, ਡਰਾਈਵਰ ਬੁਲਾ ਲਿਆਇਆ ਪੁਲਸ

02/08/2020 1:35:07 AM

ਨਵੀਂ ਦਿੱਲੀ – ਸੀ. ਏ. ਏ. ਦੇ ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਉਬਰ ਕੈਬ ’ਚ ਮੋਬਾਇਲ ’ਤੇ ਗੱਲ ਕਰਨ ਵਾਲੇ ਕਵੀ ਬੱਪਾਦਿਤਿਆ ਸਰਕਾਰ ਨੂੰ ਕੈਬ ਡਰਾਈਵਰ ਨੇ ਬੁੱਧਵਾਰ ਰਾਤ ਥਾਣੇ ਪਹੁੰਚਾ ਦਿੱਤਾ। 23 ਸਾਲਾ ਬੱਪਾਦਿਤਿਆ ਸਰਕਾਰ ਜੈਪੁਰ ਦੇ ਰਹਿਣ ਵਾਲੇ ਹਨ ਅਤੇ ‘ਕਾਲਾ ਘੋੜਾ ਫੈਸਟੀਵਲ’ ਵਿਚ ਕਵਿਤਾ ਪੜ੍ਹਨ ਲਈ ਉਹ 3 ਫਰਵਰੀ ਨੂੰ ਮੁੰਬਈ ਆਏ ਸਨ। ਉਨ੍ਹਾਂ ਬੁੱਧਵਾਰ ਸਵੇਰੇ ਲਗਭਗ 10.30 ਵਜੇ ਕੁਰਲਾ ਤੋਂ ਜੁਹੂ ਜਾਣ ਲਈ ਉਬਰ ਕੈਬ ਬੁੱਕ ਕੀਤੀ ਸੀ। ਯਾਤਰਾ ਦੌਰਾਨ ਸਰਕਾਰ ਆਪਣੇ ਦੋਸਤ ਨਾਲ ਮੋਬਾਇਲ ’ਤੇ ਦਿੱਲੀ ਦੇ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਬਾਰੇ ਗੱਲ ਕਰ ਰਹੇ ਸਨ। ਡਰਾਈਵਰ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਸ ਨੇ ਕੈਬ ਰੋਕ ਕੇ ਸਰਕਾਰ ਨੂੰ ਕਿਹਾ ਕਿ ਉਹ ਏ. ਟੀ. ਐੱਮ. ਤੋਂ ਪੈਸੇ ਕਢਵਾਉਣਾ ਚਾਹੁੰਦਾ ਹੈ ਪਰ ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਨਾਲ 2 ਪੁਲਸ ਮੁਲਾਜ਼ਮ ਸਨ, ਜਿਨ੍ਹਾਂ ਨੇ ਸਰਕਾਰ ਨੂੰ ਪੁੱਛਿਆ ਕਿ ਉਨ੍ਹਾਂ ਕੋਲ ‘ਡਫਲੀ’ ਕਿਉਂ ਹੈ ਅਤੇ ਉਨ੍ਹਾਂ ਦਾ ਪਤਾ ਵੀ ਪੁੱਛਿਆ।

ਡਰਾਈਵਰ ਨੇ ਪੁਲਸ ਮੁਲਾਜ਼ਮਾਂ ਨੂੰ ਸਰਕਾਰ ਨੂੰ ਹਿਰਾਸਤ ਵਿਚ ਲੈਣ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਕਮਿਊਨਿਸਟ ਦੱਸਿਆ ਸੀ ਅਤੇ ਉਸ ਦੇ ਮੁਤਾਬਕ ‘ਉਹ ਦੇਸ਼ ਸਾੜਨ ਦੀ ਗੱਲ ਕਰ ਰਹੇ ਸਨ।’ ਕੈਬ ਡਰਾਈਵਰ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਹੈ। ਬੱਪਾਦਿਤਿਆ ਨੇ ਪੁਲਸ ਨੂੰ ਗੱਲਬਾਤ ਸੁਣਨ ਦੀ ਅਪੀਲ ਕੀਤੀ ਤਾਂ ਕਿ ਡਰਾਈਵਰ ਦੇ ਦਾਅਵੇ ਦਾ ਪਤਾ ਲੱਗ ਸਕੇ। ਡਰਾਈਵਰ ਨੇ ਕਵੀ ਨੂੰ ਇਹ ਵੀ ਕਿਹਾ, ‘‘ਤੁਸੀਂ ਲੋਕ ਦੇਸ਼ ਨੂੰ ਬਰਬਾਦ ਕਰ ਦਿਓਂਗੇ ਅਤੇ ਕੀ ਤੁਸੀਂ ਇਹ ਉਮੀਦ ਕਰਦੇ ਹੋ ਕਿ ਅਸੀਂ ਚੁੱਪ-ਚਾਪ ਬੈਠ ਕੇ ਤੁਹਾਨੂੰ ਦੇਖਦੇ ਰਹਾਂਗੇ।’’ ਕੈਬ ਡਰਾਈਵਰ ਨੇ ਇਹ ਵੀ ਕਿਹਾ ਕਿ ਬੱਪਾਦਿਤਿਆ ਨੂੰ ਉਸ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੋ ਉਹ ਉਨ੍ਹਾਂ ਨੂੰ ਥਾਣੇ ਲੈ ਗਿਆ, ਨਾ ਕਿ ਕਿਤੇ ਹੋਰ।

ਸਰਕਾਰ ਨੇ ਕਿਹਾ ਕਿ ਡਰਾਈਵਰ ਦਾ ਵਿਵਹਾਰ ਅਤੇ ਉਸ ਦੀ ਭਾਸ਼ਾ ਦੇਸ਼ ਦੇ ਮੌਜੂਦਾ ਮਾਹੌਲ ਨੂੰ ਪ੍ਰਦਰਸ਼ਿਤ ਕਰਦੀ ਹੈ। ਡਰਾਈਵਰ ਦੇ ਇਸ ਵਰਤਾਰੇ ਕਾਰਣ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ, ਇਸ ਦੇ ਬਾਵਜੂਦ ਉਹ ਉਸ ਦੇ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਾਉਣਗੇ ਕਿਉਂਕਿ ਇਸ ਨਾਲ ਉਸ ਦਾ ਕਰੀਅਰ ਅਤੇ ਜੀਵਨ ਬਰਬਾਦ ਹੋ ਸਕਦਾ ਹੈ।


Inder Prajapati

Content Editor

Related News