ਗੁਜਰਾਤ : ਮੁੰਦਰਾ ਬੰਦਰਗਾਹ ਤੋਂ 56 ਕਿਲੋਗ੍ਰਾਮ ਨਸ਼ੇ ਵਾਲਾ ਪਦਾਰਥ ਜ਼ਬਤ
Thursday, May 26, 2022 - 05:47 PM (IST)
ਭੁਜ (ਭਾਸ਼ਾ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਗੁਜਰਾਤ ਦੇ ਕੱਛ ਜ਼ਿਲੇ ’ਚ ਮੁੰਦਰਾ ਬੰਦਰਗਾ ਦੇ ਨੇੜੇ ਇਕ ਕੰਟੇਨਰ ’ਚੋਂ 56 ਕਿਲੋਗ੍ਰਾਮ ਨਸ਼ੇ ਵਾਲਾ ਪਦਾਰਥ ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਬਤ ਕੀਤੇ ਗਏ ਪਦਾਰਥ ਦੀ ਕੀਮਤ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਡੀ. ਆਰ. ਆਈ. ਦੇ ਅਧਿਕਾਰੀਆਂ ਦੇ ਇਕ ਦਲ ਨੇ ਕੰਟੇਨਰ ਦੀ ਤਲਾਸ਼ੀ ਲਈ, ਜੋ ਕੁਝ ਸਮਾਂ ਪਹਿਲਾਂ ਇਕ ਵਿਦੇਸ਼ ਦੇਸ਼ ਤੋਂ ਮੁੰਦਰਾ ਬੰਦਰਗਾਹ ’ਤੇ ਆਇਆ ਸੀ ਅਤੇ ਉਦੋਂ ਤੋਂ ਨੇੜੇ ਦੇ ਕੰਟੇਨਰ ਸਥਾਨ ’ਤੇ ਰੱਖਿਆ ਹੋਇਆ ਸੀ। ਉਨ੍ਹਾਂ ਜ਼ਿਆਦਾ ਵੇਰਵਾ ਨਾ ਦਿੰਦੇ ਹੋਏ ਕਿਹਾ ਕਿ ਡੀ. ਆਰ. ਆਈ. ਨੂੰ 56 ਕਿਲੋਗ੍ਰਾਮ ਕੋਕੀਨ ਮਿਲੀ ਹੈ, ਜਿਸ ਨੂੰ ਦਰਾਮਦ ਕੀਤੀਆਂ ਵਸਤਾਂ ’ਚ ਲੁਕਾ ਕੇ ਰੱਖਿਆ ਹੋਇਆ ਸੀ।
ਦੱਸਣਯੋਗ ਹੈ ਕਿ ਇਕ ਮਹੀਨੇ ਪਹਿਲਾਂ ਕੱਛ 'ਚ ਕਾਂਡਲਾ ਬੰਦਰਗਾਹ ਨੇੜੇ ਇਕ ਕੰਟੇਨਰ ਵਾਲੀ ਥਾਂ 'ਤੇ ਛਾਪੇਮਾਰੀ ਕਰਕੇ ਡੀ.ਆਰ.ਆਈ. ਨੇ 1300 ਕਰੋੜ ਰੁਪਏ ਦੀ 260 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਸਤੰਬਰ 'ਚ ਭਾਰਤ 'ਚ ਬਰਾਮਦ ਨਸ਼ੀਲੇ ਪਦਾਰਥ (ਹੈਰੋਇਨ) ਦੀ ਸਭ ਤੋਂ ਵੱਡੀ ਖੇਪ 'ਚ ਡੀ.ਆਰ.ਆਈ. ਨੇ ਮੁੰਦਰਾ ਬੰਦਰਗਾਹ 'ਤੇ 2 ਕੰਟੇਨਰਾਂ 'ਚੋਂ ਕਰੀਬ ਤਿੰਨ ਹਜ਼ਾਰ ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ, ਜਿਸ ਦੀ ਕੀਮਤ ਕਰੀਬ ਕਰੋੜ ਰੁਪਏ ਦੱਸੀ ਜਾਂਦੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ 21,000 ਕਰੋੜ ਰੁਪਏ ਹੈ। ਮੰਨਿਆ ਜਾ ਰਿਹਾ ਸੀ ਕਿ ਇਹ ਖੇਪ ਅਫਗਾਨਿਸਤਾਨ ਤੋਂ ਲਿਆਂਦੀ ਗਈ ਸੀ।