ਉਮੀਦ ਦੇ ਬੰਦੇ: ਪੂਰੇ ਕਾਲਜ ’ਚ 5 ਸਾਲਾਂ ਤੋਂ ਇਕੱਲੇ ਹੀ ਵਿਦਿਆਰਥੀਆਂ ਦਾ ‘ਭਵਿੱਖ ਸੰਵਾਰ’ ਰਿਹੈ ਅਧਿਆਪਕ

04/12/2021 4:49:17 PM

ਕੋਟਾ— ਕਹਿੰਦੇ ਨੇ ਕੁਝ ਵੱਖਰਾ ਕਰਨ ਦਾ ਜਨੂੰਨ ਦੁਨੀਆ ’ਚ ਵਿਰਲਾ ਹੀ ਰੱਖਦਾ ਹੈ। ਸੁਫ਼ਨੇ ਤਾਂ ਹਰ ਕੋਈ ਵੇਖਦਾ ਹੈ ਪਰ ਉਸ ਨੂੰ ਪੂਰਾ ਕਰਨ ਦਾ ਦਮ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਆਪਣੇ ਲਈ ਜਾਂ ਇੰਝ ਕਹਿ ਲਵੋ ਕਿ ਆਪਣੇ ਬਾਰੇ ਤਾਂ ਹਰ ਕੋਈ ਸੋਚਦਾ ਹੈ ਕਿ ਮੈਂ ਇੰਝ ਕਰਾਂ, ਕੋਈ ਵੱਡਾ ਕਾਰੋਬਾਰ ਕਰ ਕੇ ਮੁਨਾਫ਼ਾ ਕਮਾਵਾਂ। ਜੋ ਦੂਜਿਆਂ ਲਈ ਪ੍ਰੇਰਣਾ ਸਰੋਤ ਬਣਦੇ ਹਨ, ਉਮੀਦ ਦੀ ਕਿਰਨ ਬਣਦੇ ਹਨ, ਉਹ ਇਨਸਾਨ ਲੱਖਾਂ ’ਚੋਂ ਇਕ ਕਹਾਉਂਦਾ ਹੈ। ਕੁਝ ਅਜਿਹਾ ਹੀ ਹੈ ਇਹ ਸ਼ਖਸ ਜੋ ਕਿ ਲੈਚਰਾਰ ਵੀ ਹਨ ਅਤੇ ਪਿ੍ਰੰਸੀਪਲ ਵੀ। ਜੋ ਕਿ ਪਿਛਲੇ 5 ਸਾਲਾਂ ਤੋਂ ਪੂਰੇ ਕਾਲਜ ਨੂੰ ਇਕੱਲੇ ਪੜ੍ਹਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਵਲੋਂ ਪੜ੍ਹਾਏ ਗਏ ਵਿਦਿਆਰਥੀਆਂ ਦੇ ਨਤੀਜੇ ਵੀ 100 ਫ਼ੀਸਦੀ ਹਨ। 

ਤਾਂ ਫਿਰ ਆਓ ਜਾਣਦੇ ਹਾਂ ਕੌਣ ਨੇ ਇਹ ‘ਸ਼ਖਸ’, ਜੋ ਨੇ ਉਮੀਦ ਦੇ ਬੰਦੇ-
ਡਾ. ਇੰਦਰਨਾਰਾਇਣ ਝਾਅ ਕੋਟਾ ਦੇ ਚੇਚਟ ’ਚ ਸਰਕਾਰੀ ਸੰਸਕ੍ਰਿਤ ਕਾਲਜ ’ਚ 2016 ਤੋਂ ਪਿ੍ਰੰਸੀਪਲ ਦਾ ਅਹੁਦਾ ਸੰਭਾਲ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਕਾਲਜ ਵਨ ਮੈਨ ਆਰਮੀ ਹੈ। ਕਾਲਜ ’ਚ ਕੁੱਲ 441 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇਕਮਾਤਰ ਟੀਚਿੰਗ ਸਟਾਫ਼ ਹੈ। ਐੱਮ. ਏ. ਸੰਸਕ੍ਰਿਤ, ਪੀ. ਐੱਚ. ਡੀ. ਡਿਗਰੀਧਾਰੀ ਡਾ. ਝਾਅ ਨਾ ਸਿਰਫ਼ ਪ੍ਰਸ਼ਾਸਨਿਕ ਵਿਵਸਥਾਵਾਂ ਸੰਭਾਲ ਰਹੇ ਹਨ, ਸਗੋਂ ਕਿ ਸਾਹਿਤ, ਵਿਆਕਰਣ, ਹਿੰਦੀ, ਅੰਗਰੇਜ਼ੀ ਸਮੇਤ ਕਈ ਵਿਸ਼ੇ ਇਕੱਲੇ ਹੀ ਪੜ੍ਹਾਉਂਦੇ ਹਨ। ਇਸ ਤੋਂ ਇਲਾਵਾ ਕਾਲਜ ਵਿਚ ਇਕ ਕਲਰਕ ਅਤੇ ਇਕ ਸਹਾਇਕ ਕਰਚਾਰੀ ਸਮੇਤ ਕੁੱਲ ਤਿੰਨ ਦਾ ਸਟਾਫ਼ ਹੈ। ਪਿਛਲੇ 5 ਸਾਲਾਂ ਤੋਂ ਇਹ ਹੀ ਸਥਿਤੀ ਹੈ। 

PunjabKesari

ਡਾ. ਇੰਦਰਨਾਰਾਇਣ ਝਾਅ ਨੂੰ ਸੂਬਾ ਸਰਕਾਰ ਨੇ ਸਨਮਾਨਤ ਵੀ ਕੀਤਾ ਹੈ-

ਕਾਲਜ ਦੇ ਇਨ੍ਹਾਂ 5 ਸਾਲਾਂ ਵਿਚ ਇਕ-ਇਕ ਕਰ ਕੇ ਹੋਰ ਅਧਿਆਪਕ ਸੇਵਾ ਮੁਕਤ ਹੋ ਗਏ ਜਾਂ ਉਨ੍ਹਾਂ ਦਾ ਤਬਾਦਲਾ ਹੋ ਗਿਆ। ਹਾਲਾਂਕਿ ਕਾਲਜ ਵਿਚ ਖਾਲੀ ਅਹੁਦੇ ਭਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਨ੍ਹਾਂ ਹਲਾਤਾਂ ਵਿਚ ਡਾ. ਝਾਅ ਨੇ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਇਹ ਹੈ ਕਿ 5 ਸਾਲਾਂ ’ਚ ਕਾਲਜ ’ਚ ਜਿੱਥੇ ਦਾਖ਼ਲੇ ਦਾ ਗਰਾਫ਼ ਵਧਿਆ ਹੈ, ਉੱਥੇ ਨਤੀਜੇ ਵੀ 92 ਤੋਂ 100 ਫ਼ੀਸਦੀ ਤੱਕ ਰਹੇ। ਡਾ. ਝਾਅ ਦੇ ਮਾਰਗਦਰਸ਼ਨ ’ਚ ਕਾਲਜ ਦੇ ਵਿਦਿਆਰਥੀ-ਵਿਦਿਆਰਥਣਾਂ ਸਰਕਾਰੀ ਨੌਕਰੀਆਂ ਕਰ ਰਹੇ ਹਨ। ਸੂਬਾ ਸਰਕਾਰ ਨੇ ਇਸ ਲਈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਹੈ। ਡਾ. ਝਾਅ ਕਾਲਜ ਅਤੇ ਵਿਦਿਆਰਥੀਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ। ਅਧਿਆਪਕਾਂ ਦੀ ਕਮੀ ਹੋਣ ’ਤੇ ਸ਼ਿਕਾਇਤ ਨਹੀਂ ਕਰਦੇ। 1999 ਤੋਂ ਸ਼ੁਰੂ ਹੋਏ ਇਸ ਕਾਲਜ ਵਿਚ ਹੁਣ ਤੱਕ 400 ਤੋਂ ਵਧੇਰੇ ਵਿਦਿਆਰਥੀ ਪੜ੍ਹਾਈ ਸਮੇਤ ਕਈ ਮਹਿਕਿਮਆਂ ’ਚ ਸਰਕਾਰੀ ਸੇਵਾ ’ਚ ਹਨ।


Tanu

Content Editor

Related News