ਟਰੰਪ ਨੇ ਭਾਰਤ-ਚੀਨ ਨੂੰ ''ਗੰਦਾ'' ਕਿਹਾ, ਕਪਿਲ ਸਿੱਬਲ ਨੇ ਮੋਦੀ ਸਰਕਾਰ ''ਤੇ ਕੱਸੇ ਤੰਜ

10/24/2020 8:24:09 AM

ਵਾਸ਼ਿੰਗਟਨ- ਅਮਰੀਕਾ ’ਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਅੰਤਿਮ ਅਧਿਕਾਰਤ ਪ੍ਰੇਜ਼ੀਡੈਂਸ਼ੀਅਲ ਡਿਬੇਟ ਦੌਰਾਨ ਪੌਣ-ਪਾਣੀ ਦੀ ਤਬਦੀਲੀ ਦੇ ਮੁੱਦੇ ’ਤੇ ਡੋਨਾਲਡ ਟਰੰਪ ਨੇ ਭਾਰਤ ਨੂੰ ‘ਗੰਦਾ’ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ਅਤੇ ਰੂਸ ਦੀ ਹਵਾ ਵੀ ਸਭ ਤੋਂ ਖਰਾਬ ਹੈ।
ਟਰੰਪ ਨੇ ਭਾਰਤ, ਚੀਨ ਅਤੇ ਰੂਸ ’ਤੇ ਦੂਸ਼ਿਤ ਹਵਾ ਦੀ ਸਮੱਸਿਆ ਨਾਲ ਨਜਿੱਠਣ ਲਈ ਢੱਕਵੇਂ ਕਦਮ ਨਾ ਚੁੱਕਣ ਦਾ ਦੋਸ਼ ਲਾਉਂਦੇ ਹੋਏ ਪੈਰਿਸ ਪੌਣ-ਪਾਣੀ ਸਮਝੌਤੇ ਤੋਂ ਹਟਣ ਲਈ ਅਮਰੀਕਾ ਦੇ ਕਦਮ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਪ੍ਰਸ਼ਾਸਨ ਅਧੀਨ ਪਿਛਲੇ 35 ਸਾਲ ਦੇ ਮੁਕਾਬਲੇ ਇਸ ਵਾਰ ਨਿਕਾਸੀ ਦੀ ਸਥਿਤੀ ਸਭ ਤੋਂ ਵਧੀਆ ਹੈ। ਅਸੀਂ ਉਦਯੋਗ ਨਾਲ ਚੰਗੀ ਤਰ੍ਹਾਂ ਕੰਮ ਕਰ ਰਹੇ ਹਾਂ।

ਟਰੰਪ ਦੀ ਇਸ ਟਿੱਪਣੀ ਮਗਰੋਂ ਭਾਰਤੀ ਨੇਤਾਵਾਂ ਨੇ ਮੋਦੀ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਇਹ ਸਭ ‘ਹਾਉਡੀ ਮੋਦੀ‘ ਦਾ ਨਤੀਜਾ ਹੈ। ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਟਵੀਟ ਕਰ ਕੇ ਕਿਹਾ ਕਿ ‘ਹਾਉਡੀ ਮੋਦੀ’ ਦਾ ਨਤੀਜਾ ਸਾਹਮਣੇ ਆਉਣ ਲੱਗਾ ਹੈ। ਉਨ੍ਹਾਂ ਭਾਰਤ ’ਚ ਕੋਵਿਡ-19 ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ’ਤੇ ਸਵਾਲ ਉਠਾਇਆ। ਨਾਲ ਹੀ ਭਾਰਤ ਨੂੰ ‘ਟੈਰਿਫ ਕਿੰਗ’ ਵੀ ਕਿਹਾ।

ਟਰੰਪ ਦੇ ਵਿਰੋਧੀ ਜੋ ਬਾਈਡੇਨ ਨੇ ਕਿਹਾ ਕਿ ਮੇਰੇ ਸੱਤਾ ’ਚ ਆਉਣ ’ਤੇ ਅਮਰੀਕਾ ਨੂੰ ਇਕ ਵਾਰ ਮੁੜ ਇਤਿਹਾਸਕ ਪੈਰਿਸ ਸਮਝੌਤੇ ਦਾ ਹਿੱਸਾ ਬਣਾਇਆ ਜਾਵੇਗਾ। ਪ੍ਰਦੂਸ਼ਣ ਲਈ ਅਸੀਂ ਚੀਨ ਦੀ ਜਵਾਬਦੇਹੀ ਤੈਅ ਕਰਾਂਗੇ। ਟੈਨੇਸੀ ਦੇ ਨੈਸ਼ਵਿਲੇ ਵਿਖੇ ਦੋਹਾਂ ਆਗੂਆਂ ਦਰਮਿਆਨ 90 ਮਿੰਟ ਤੱਕ ਬਹਿਸ ਹੋਈ। ਇਸ ਦਾ ਸੰਚਾਲਨ ਐੱਨ.ਬੀ.ਸੀ ਦੀ ਕ੍ਰਿਸ਼ਟਨ ਵੇਲਕਰ ਨੇ ਕੀਤਾ। ਸਭ ਤੋਂ ਵੱਧ ਚਰਚਾ ਕੋਰੋਨਾ ਵਾਇਰਸ ’ਤੇ ਹੋਈ। ਰਾਸ਼ਟਰਪਤੀ ਟਰੰਪ ਨੇ ਇਸ ਮਹਾਮਾਰੀ ਨੂੰ ਇਕ ਕੋਮਾਂਤਰੀ ਸਮੱਸਿਆ ਦੱਸਿਆ। ਟਰੰਪ ਨੇ ਇਸ ਬਿਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ।

ਬਾਈਡੇਨ ਨੇ ਟਰੰਪ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਕਾਰਨ ਅਮਰੀਕਾ ’ਚ ਵਧੇਰੇ ਲੋਕਾਂ ਦੀ ਮੌਤ ਹੋਈ। ਨਸਲੀ ਵਿਤਕਰੇ ਦਾ ਮੁੱਦਾ ਉਠਾਉਦੇ ਹੋਏ ਬਾਈਡੇਨ ਨੇ ਟਰੰਪ ਨੂੰ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਨਸਲਵਾਦੀ ਰਾਸ਼ਟਰਪਤੀਆਂ ’ਚੋਂ ਇਕ ਕਰਾਰ ਦਿੱਤਾ।

ਟਰੰਪ ਨੇ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ’ਤੇ ਨਸਲੀ ਵਿਤਕਰੇ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਚੋਣਾਂ ’ਚ ਵਿਦੇਸ਼ੀ ਤਾਕਤਾਂ ਦਾ ਦਖਲ, ਸਿਹਤ, ਇਮੀਗ੍ਰੇਸ਼ਨ ਅਤੇ ਰਿਲੀਫ ਬਿੱਲ ਵਰਗੇ ਮੁੱਦੇ ਵੀ ਉੱਠੇ। ਬਹਿਸ ਦੌਰਾਨ ‘ਮਿਊਟ ਬਟਨ’ ਦੀ ਵਰਤੋਂ ਹੋਈ ਜਿਸ ’ਚ ਟਰੰਪ ਅਤੇ ਬਾਈਡੇਨ ਨੇ ਪਹਿਲੀ ਬਹਿਸ ਦੇ ਉਲਟ ਇਸ ਵਾਰ ਸੰਜਮ ਅਤੇ ਉਦਾਰਤਾ ਦਾ ਪ੍ਰਦਰਸ਼ਨ ਕੀਤਾ।


Lalita Mam

Content Editor Lalita Mam