ਡਾਕਟਰਾਂ ਨੇ ਡੇਢ ਘੰਟੇ ਦੀ ਸਰਜਰੀ ਤੋਂ ਬਾਅਦ ਪੇਟ 'ਚ ਕੱਢੇ 116 ਲੋਹੇ ਦੇ ਕਿੱਲ
Tuesday, May 14, 2019 - 01:40 PM (IST)

ਬੂੰਦੀ— ਰਾਜਸਥਾਨ ਦੇ ਬੂੰਦੀ ਜ਼ਿਲੇ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਪੇਟ 'ਚੋਂ 116 ਲੋਹੇ ਦੇ ਕਿੱਲ, ਲੋਹੇ ਦੇ ਛਰਰੇ ਅਤੇ ਲੋਹੇ ਦੇ ਤਾਰ ਕੱਢੇ ਹਨ। ਸੋਮਵਾਰ ਨੂੰ ਕੀਤੇ ਗਏ ਇਸ ਆਪਰੇਸ਼ਨ ਤੋਂ ਬਾਅਦ ਇਹ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਹੈ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਭੋਲਾ ਸ਼ੰਕਰ (42) ਮਾਨਸਿਕ ਰੂਪ ਨਾਲ ਬੀਮਾਰ ਹੈ। ਉਸ ਦੇ ਪੇਟ 'ਚੋਂ ਲੋਹੇ ਦੇ ਕਿੱਲ, ਛਰਰੇ ਅਤੇ ਤਾਰ ਕਿਵੇਂ ਆਏ, ਇਸ ਬਾਰੇ ਉਹ ਨਹੀਂ ਦੱਸ ਪਾ ਰਿਹਾ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਭੋਲਾ ਸ਼ੰਕਰ ਨੂੰ ਲੋਹੇ ਦਾ ਸਾਮਾਨ ਖਾਣ ਦੀ ਆਦਤ ਹੈ, ਜਿਸ ਕਾਰਨ ਉਹ ਸਮਾਨਾਂ ਨੂੰ ਨਿਗਲ ਗਿਆ।
ਭੋਲਾ ਸ਼ੰਕਰ ਦੇ ਪਿਤਾ ਮਦਨਲਾਲ ਨੇ ਦੱਸਿਆ ਕਿ 20 ਸਾਲ ਪਹਿਲਾਂ ਉਨ੍ਹਾਂ ਦਾ ਬੇਟਾ ਬਾਗਬਾਨੀ (ਗਾਰਡਨਿੰਗ) ਕਰਦਾ ਸੀ। ਉਹ ਮਾਨਸਿਕ ਰੂਪ ਨਾਲ ਬੀਮਾਰ ਹੋ ਗਿਆ ਤਾਂ ਉਸ ਨੇ ਕੰਮ ਛੱਡ ਦਿੱਤਾ। ਉਸ ਨੂੰ ਪੇਟ 'ਚ ਦਰਦ ਉੱਠਿਆ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਡਾਕਟਰਾਂ ਨੇ ਜਦੋਂ ਭੋਲਾ ਸ਼ੰਕਰ ਦੇ ਪੇਟ ਦਾ ਸਕੈਨ ਕੀਤਾ ਤਾਂ ਹੈਰਾਨ ਰਹਿ ਗਏ। ਉਸ ਦੇ ਪੇਟ 'ਚ ਕਿੱਲ, ਛਰਰੇ ਅਤੇ ਤਾਰ ਨਜ਼ਰ ਆਏ। ਟੀਮ 'ਚ ਸ਼ਾਮਲ ਜ਼ਿਲਾ ਹਸਪਤਾਲ ਦੇ ਡਾ. ਅਨਿਲ ਸੈਨੀ ਨੇ ਦੱਸਿਆ ਕਿ ਭੋਲਾ ਦੇ ਪੇਟ 'ਚ ਕਿੱਲ, ਛਰਰੇ ਅਤੇ ਤਾਰ ਦੂਜੀ ਵਾਰ ਕਰਵਾਏ ਗਏ ਡਿਜ਼ੀਟਲ ਐਕਸ ਰੇਅ 'ਚ ਸਾਫ਼ ਨਜ਼ਰ ਆਏ। ਸੀ.ਟੀ. ਸਕੈਨ 'ਚ ਉਸ ਦੇ ਪੇਟ 'ਚ ਕਿੱਲ ਦਿੱਸੀਆਂ।
ਡਾਕਟਰਾਂ ਨੇ ਉਸ ਨੂੰ ਤੁਰੰਤ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ। ਡਾ. ਅਨਿਲ ਨੇ ਦੱਸਿਆ ਕਿ ਭੋਲਾ ਦੀ ਲਗਭਗ ਡੇਢ ਘੰਟੇ ਤੱਕ ਸਰਜਰੀ ਚੱਲੀ ਅਤੇ ਇਸ ਦੌਰਾਨ ਉਸ ਦੇ ਪੇਟ 'ਚੋਂ ਲੋਹੇ ਦਾ ਸਾਰਾ ਸਾਮਾਨ ਬਾਹਰ ਕੱਢਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਭੋਲਾ ਦੇ ਪੇਟ 'ਚੋਂ ਕੱਢੀ ਗਈ ਹਰ ਇਕ ਕਿੱਲ ਦੀ ਲੰਬਾਈ 6.5 ਇੰਚ ਹੈ।