ਹਰ ਸਾਲ 15 ਲੱਖ ਲੋਕਾਂ ਦੀ ਜਾਨ ਲੈ ਰਿਹਾ ਇਹ ਰੋਗ, ਮਰੀਜ਼ਾਂ ਦੇ ਮਾਮਲੇ ''ਚ ਦੂਜੇ ਸਥਾਨ ''ਤੇ ਹੈ ਭਾਰਤ
Saturday, Nov 08, 2025 - 10:02 AM (IST)
ਵੈੱਬ ਡੈਸਕ- ਦੁਨੀਆ ਭਰ ਵਿਚ ਗੰਭੀਰ ਗੁਰਦਾ ਰੋਗ (Chronic Kidney Disease - CKD) ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਕ ਨਵੇਂ ਵਿਸ਼ਵ ਪੱਧਰੀ ਅਧਿਐਨ ਅਨੁਸਾਰ, ਭਾਰਤ 2023 'ਚ ਇਸ ਬੀਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ 'ਚ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ‘ਦ ਲੈਂਸੇਟ’ ਜਰਨਲ 'ਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ, ਭਾਰਤ ਵਿਚ 2023 'ਚ 13.8 ਕਰੋੜ ਲੋਕ ਗੰਭੀਰ ਗੁਰਦਾ ਰੋਗ ਨਾਲ ਪੀੜਤ ਸਨ, ਜਦਕਿ ਚੀਨ 'ਚ ਇਹ ਗਿਣਤੀ 15.2 ਕਰੋੜ ਤੱਕ ਪਹੁੰਚ ਗਈ। ਇਹ ਖੋਜ ਅਮਰੀਕਾ ਦੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟਰਿਕਸ ਐਂਡ ਇਵੈਲੂਏਸ਼ਨ (IHME) ਅਤੇ ਅਮਰੀਕਾ ਤੇ ਬ੍ਰਿਟੇਨ ਦੇ ਹੋਰ ਸੰਸਥਾਨਾਂ ਵੱਲੋਂ ਮਿਲ ਕੇ ਕੀਤੀ ਗਈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਅਧਿਐਨ 'ਚ ਦਰਸਾਇਆ ਗਿਆ ਕਿ ਗੰਭੀਰ ਗੁਰਦਾ ਰੋਗ ਦੁਨੀਆ ਭਰ 'ਚ ਮੌਤ ਦਾ 9ਵਾਂ ਸਭ ਤੋਂ ਵੱਡਾ ਕਾਰਣ ਬਣ ਚੁੱਕਾ ਹੈ। ਸਿਰਫ 2023 'ਚ ਹੀ ਇਸ ਕਾਰਨ ਲਗਭਗ 15 ਲੱਖ ਲੋਕਾਂ ਦੀ ਮੌਤ ਹੋਈ। ਉੱਤਰੀ ਅਫ਼ਰੀਕਾ ਅਤੇ ਪੱਛਮੀ ਏਸ਼ੀਆ 'ਚ ਇਸ ਬੀਮਾਰੀ ਦਾ ਪ੍ਰਸਾਰ ਸਭ ਤੋਂ ਵੱਧ 18 ਫੀਸਦੀ ਤੱਕ, ਦੱਖਣੀ ਏਸ਼ੀਆ 'ਚ ਕਰੀਬ 16 ਫੀਸਦੀ ਅਤੇ ਉਪ-ਸਹਾਰਾ ਅਫ਼ਰੀਕਾ, ਲਾਤੀਨੀ ਅਮਰੀਕਾ ਤੇ ਕੈਰੇਬਿਆਈ ਦੇਸ਼ਾਂ 'ਚ 15 ਫੀਸਦੀ ਤੋਂ ਵੱਧ ਰਿਹਾ।
ਵਿਗਿਆਨੀਆਂ ਨੇ ਕਿਹਾ ਕਿ ਗੰਭੀਰ ਗੁਰਦਾ ਰੋਗ ਦਿਲ ਦੀਆਂ ਬੀਮਾਰੀਆਂ ਦਾ ਵੀ ਮੁੱਖ ਕਾਰਣ ਹੈ ਅਤੇ 2023 'ਚ ਦੁਨੀਆ ਭਰ 'ਚ ਹੋਈਆਂ ਦਿਲ ਸੰਬੰਧੀ ਮੌਤਾਂ 'ਚੋਂ ਲਗਭਗ 12 ਫੀਸਦੀ ਮਾਮਲੇ ਗੁਰਦਾ ਰੋਗ ਨਾਲ ਸੰਬੰਧਿਤ ਸਨ। ਇਹ ਮੌਤਾਂ ਦੀ ਗਿਣਤੀ ਮਧੁਮੇਹ (ਸ਼ੂਗਰ) ਅਤੇ ਮੋਟਾਪੇ ਨਾਲ ਜੁੜੀਆਂ ਦਿਲ ਦੀਆਂ ਬੀਮਾਰੀਆਂ ਨਾਲੋਂ ਵੱਧ ਪਾਈ ਗਈ। ਅਧਿਐਨ 'ਚ 14 ਮੁੱਖ ਜ਼ੋਖਮ ਕਾਰਕਾਂ ਦੀ ਵੀ ਪਹਿਚਾਣ ਕੀਤੀ ਗਈ — ਜਿਨ੍ਹਾਂ 'ਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੋਟਾਪਾ ਸਭ ਤੋਂ ਵੱਡੇ ਕਾਰਕ ਹਨ। ਵਿਗਿਆਨੀਆਂ ਨੇ ਇਹ ਵੀ ਦਰਸਾਇਆ ਕਿ ਫਲਾਂ ਅਤੇ ਸਬਜ਼ੀਆਂ ਦਾ ਘੱਟ ਸੇਵਨ ਅਤੇ ਸੋਡੀਅਮ (ਲੂਣ) ਦਾ ਵੱਧ ਸੇਵਨ ਵੀ ਗੁਰਦਾ ਰੋਗ ਦੇ ਖਤਰੇ ਨੂੰ ਵਧਾਉਂਦੇ ਹਨ। ਇਹ ਵਿਸ਼ਲੇਸ਼ਣ ‘ਗਲੋਬਲ ਬਰਡਨ ਆਫ ਡੀਜ਼ੀਜ਼ (GBD) 2023’ ਅਧਿਐਨ ਦੇ ਡਾਟਾ 'ਤੇ ਆਧਾਰਿਤ ਹੈ, ਜਿਸ 'ਚ 1990 ਤੋਂ 2023 ਤੱਕ 204 ਦੇਸ਼ਾਂ 'ਚ ਬੀਮਾਰੀਆਂ ਅਤੇ ਸਿਹਤ ਜ਼ੋਖਮਾਂ ਦੇ ਰੁਝਾਨਾਂ ਦਾ ਅਧਿਐਨ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
