ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ

7/9/2020 6:28:24 PM

ਦੇਵਰੀਆ- 'ਵਿਧਵਾ' ਸ਼ਬਦ ਦੀ ਕਲਪਣਾ ਹੀ ਕਿਸੇ ਵਿਆਹੁਤਾ ਦੇ ਮਨ ਦਿਮਾਗ ਨੂੰ ਪਰੇਸ਼ਾਨ ਕਰਨ ਲਈ ਕਾਫ਼ੀ ਹੈ ਪਰ ਪੂਰਬੀ ਉੱਤਰ ਪ੍ਰਦੇਸ਼ ਦੇ ਦੇਵਰੀਆ, ਗੋਰਖਪੁਰ, ਕੁਸ਼ੀਨਗਰ ਸਮੇਤ ਗੁਆਂਢੀ ਰਾਜ ਬਿਹਾਰ ਦੇ ਕੁਝ ਜ਼ਿਲ੍ਹਿਆਂ 'ਚ ਗਛਵਾਹਾ ਭਾਈਚਾਰੇ ਦੀਆਂ ਜਨਾਨੀਆਂ ਪਤੀ ਦੀ ਸਲਾਮਤੀ ਲਈ ਮਈ ਤੋਂ ਲੈ ਕੇ ਜੁਲਾਈ ਤੱਕ 3 ਮਹੀਨਿਆਂ ਲਈ ਵਿਧਵਾ ਬਣ ਕੇ ਜ਼ਿੰਦਗੀ ਬਿਤਾ ਕੇ ਸਦੀਆਂ ਪੁਰਾਣੀਆਂ ਅਨੋਖੀ ਪ੍ਰਥਾ ਦਾ ਪੂਰੀ ਸ਼ਿੱਦਤ ਨਾਲ ਪਾਲਣ ਕਰਦੀਆਂ ਹਨ। ਸਾਬਕਾ ਕੌਂਸਲਰ ਬ੍ਰਜੇਸ਼ ਪਾਸਵਾਨ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਗਛਵਾਹਾ ਭਾਈਚਾਰਾ ਪੁਰਸ਼ ਸਾਲ ਦੇ ਤਿੰਨ ਮਹੀਨੇ ਯਾਨੀ ਮਈ ਤੋਂ ਜੁਲਾਈ ਤੱਕ ਟੌਡੀ ਉਤਾਰਨ ਦਾ ਕੰਮ ਕਰਦੇ ਹਨ। ਉਸੇ ਕਮਾਈ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਖਜ਼ੂਰ ਦੇ ਦਰੱਖਤ ਤੋਂ ਟੌਡੀ ਕੱਢਣ ਦਾ ਕੰਮ ਕਾਫ਼ੀ ਜ਼ੋਖਮ ਭਰਿਆ ਮੰਨਿਆ ਜਾਂਦਾ ਹੈ। 50 ਫੁੱਟ ਤੋਂ ਜ਼ਿਆਦਾ ਉੱਚਾਈ ਦੇ ਸਿੱਧੇ ਖਜ਼ੂਰ ਦੇ ਦਰੱਖਤ ਤੋਂ ਟੌਡੀ ਕੱਢਣ ਦੌਰਾਨ ਕਈ ਵਾਰ ਵਿਅਕਤੀ ਦੀ ਜਾਨ ਵੀ ਚੱਲੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਤਾੜੀ ਉਤਾਰਨ ਦੇ ਮੌਸਮ 'ਚ ਇਸ ਭਾਈਚਾਰੇ ਦੀਆਂ ਜਨਾਨੀਆਂ ਆਪਣੇ ਪਤੀ ਦੀ ਸਲਾਮਤੀ ਲਈ ਦੇਵਰੀਆ ਤੋਂ 30 ਕਿਲੋਮੀਟਰ ਦੂਰ ਗੋਰਖਪੁਰ ਜ਼ਿਲ੍ਹੇ 'ਚ ਸਥਿਤ ਤਰਕੁਲਹਾਂ ਦੇਵੀ ਦੇ ਮੰਦਰ 'ਚ ਚੈਤਰ ਮਹੀਨੇ 'ਚ ਆਪਣੇ ਸੁਹਾਗ ਦੀਆਂ ਨਿਸ਼ਾਨੀਆਂ ਰੱਖ ਕੇ ਆਪਣੇ ਪਤੀ ਦੀ ਸਲਾਮਤੀ ਦੀ ਮੰਨਤ ਮੰਗਦੀਆਂ ਹਨ। ਇਨ੍ਹਾਂ 3 ਮਹੀਨਿਆਂ ਤੱਕ ਇਹ ਜਨਾਨੀਆਂ ਆਪਣੇ ਘਰਾਂ 'ਚ ਉਦਾਸੀ ਦਾ ਜੀਵਨ ਜਿਉਂਦੀਆਂ ਹਨ।

ਗਛਵਾਹਾ ਭਾਈਚਾਰੇ ਬਾਰੇ ਜਾਣਕਾਰੀ ਰੱਖਣ ਵਾਲੇ ਸ਼੍ਰੀ ਪਾਸਵਾਨ ਨੇ ਦੱਸਿਆ ਕਿ ਟੌਡੀ ਉਤਾਰਨ ਦਾ ਸਮਾਂ ਖਤਮ ਹੋਣ ਤੋਂ ਬਾਅਦ ਤਰਕੁਲਹਾਂ ਦੇਵੀ ਮੰਦਰ 'ਚ ਗਛਵਾਹਾ ਭਾਈਚਾਰੇ ਦੀਆਂ ਜਨਾਨੀਆਂ ਨਾਗ ਪੰਚਮੀ ਦੇ ਦਿਨ ਇਕੱਠੇ ਹੋ ਕੇ ਪੂਜਾ ਕਰਦੀਆਂ ਹਨ। ਜਿਸ 'ਚ ਵਿਆਹੁਤਾ ਦੇ ਰੂਪ 'ਚ ਸ਼ਿੰਗਾਰ ਕਰ ਕੇ ਖਾਣ-ਪੀਣ ਦਾ ਆਯੋਜਨ ਕਰ ਕੇ ਮੰਦਰ 'ਚ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰ 'ਚ ਖੁਸ਼ੀ-ਖੁਸ਼ੀ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਗਛਵਾਹਾ ਭਾਈਚਾਰਾ ਅਸਲ 'ਚ 'ਚ ਪਾਸੀ ਜਾਤੀ ਤੋਂ ਹੁੰਦਾ ਹੈ ਅਤੇ ਸਦੀਆਂ ਤੋਂ ਇਹ ਤਬਕਾ ਟੌਡੀ ਉਤਾਰਨ ਦੇ ਕੰਮ 'ਚ ਲੱਗਾ ਹੈ। ਹਾਲਾਂਕਿ ਹੁਣ ਇਸ ਭਾਈਚਾਰੇ 'ਚ ਵੀ ਸਿੱਖਿਆ ਦਾ ਪੱਧਰ ਵਧਦਾ ਜਾ ਰਿਹਾ ਹੈ ਅਤੇ ਇਸ ਭਾਈਚਾਰੇ ਦੇ ਨੌਜਵਾਨ ਇਸ ਪੁਸ਼ਤੈਨੀ ਧੰਦੇ ਨੂੰ ਛੱਡ ਕੇ ਹੋਰ ਵਪਾਰ ਅਤੇ ਕੰਮ ਕਰ ਰਹੇ ਹਨ।


DIsha

Content Editor DIsha