ਭਾਰਤ ’ਚ ਬਣੇ ਕੋਰੋਨਾ ਦੇ ਟੀਕੇ ਦੀ ਵਧੀ ਡਿਮਾਂਡ, ਦੁਨੀਆ ਦੇ 9 ਦੇਸ਼ਾਂ ਨੇ ਮੰਗੀ ਮਦਦ
Monday, Jan 11, 2021 - 11:48 AM (IST)
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੇ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਦੀ ਆਗਿਆ ਮਿਲਣ ਦੇ ਨਾਲ ਹੀ ਦੁਨੀਆ ਦੀਆਂ ਨਜ਼ਰਾਂ ਹੁਣ ਭਾਰਤ ’ਤੇ ਟਿਕ ਗਈਆਂ ਹਨ। ਦੁਨੀਆ ਦੇ ਜ਼ਿਆਦਾਤਰ ਦੇਸ਼ ਭਾਰਤ ਦੇ ਕੋਰੋਨਾ ਟੀਕੇ ਨੂੰ ਆਪਣੇ ਦੇਸ਼ ’ਚ ਮੰਗਵਾਉਣਾ ਚਾਹੁੰਦੇ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਬਾਇਓਟੇਕ-ਐਰਸਟਰਾਜੇਨੇਕਾ ਦੇ ਟੀਕੇ ਦੀਆਂ 20 ਲੱਖ ਡੋਜ਼ਾਂ ਤੁਰੰਤ ਦੇਣ ਦਾ ਬੋਨਤੀ ਕੀਤੀ ਹੈ। ਹਾਲਾਂਕਿ ਭਾਰਤ ਵੱਲੋਂ ਪਲਾਨ ਤਿਆਰ ਕੀਤਾ ਗਿਆ ਹੈ ਉਸ ਮੁਤਾਬਕ ਕੋਰੋਨਾ ਦਾ ਟੀਕਾ ਪਹਿਲਾਂ ਗੁਆਂਢੀ ਦੇਸ਼ਾਂ ਨੂੰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਹੋਰ ਦੇਸ਼ਾਂ ਦਾ ਨੰਬਰ ਆਵੇਗਾ।
ਕੋਰੋਨਾ ਲਾਗ ਦੌਰਾਨ ਦੁਨੀਆ ਨੂੰ ਇਸ ਦੇ ਟੀਕੇ ਦੀ ਬੇਸਬਰੀ ਨਾਲ ਉਡੀਕ ਹੈ। ਭਾਰਤ ’ਚ ਕੋਰੋਨਾ ਦੇ ਦੋ ਟੀਕਿਆਂ ਦੀ ਵਰਤੋਂ ਕਰਨ ਦੀ ਆਗਿਆ ਮਿਲਣ ਤੋਂ ਬਾਅਦ ਬ੍ਰਾਜ਼ੀਲ ਮੋਰੱਕੋ, ਸਾਊਦੀ ਅਰਬ, ਮਿਆਂਮਾਰ, ਬੰਗਲਾਦੇਸ਼, ਦੱਖਣੀ ਅਫਰੀਕਾ ਵਰਗੇ ਦੇਸ਼ਾਂ ਨੇ ਭਾਰਤ ਤੋਂ ਟੀਕੇ ਦੀ ਅਧਿਕਾਰਿਕ ਤੌਰ ’ਤੇ ਮੰਗ ਕੀਤੀ ਹੈ। ਸੂਤਰਾਂ ਮੁਤਾਬਕ ਕੋਰੋਨਾ ਦੇ ਟੀਕੇ ਦੀ ਵੰਡ ’ਚ ਸਰਕਾਰ ਬੰਗਲਾਦੇਸ਼, ਭੂਟਾਨ, ਨੇਪਾਲ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਨੂੰ ਤਵੱਜ਼ੋ ਦੇਵੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ ਸ਼ੁਰੂ ਤੋਂ ਹੀ ਦੁਨੀਆ ਦੇ ਨਾਲ ਕੋਰੋਨਾ ਦੀ ਲੜਾਈ ਲੜ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਲੜਾਈ ’ਚ ਅਸੀਂ ਦੁਨੀਆ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰ ਸਕੀਏ। ਦੱਸ ਦੇਈਏ ਕਿ ਡੀ.ਸੀ.ਜੀ.ਆਈ. ਨੇ ਸੀਰਮ ਇੰਸਟੀਚਿਊਟ ਦਾ ਟੀਕਾ ਕੋਵਿਡਸ਼ੀਲਡ ਅਤੇ ਭਾਰਤ ਬਾਇਓਟੇਕ ਦਾ ਟੀਕਾ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਆਖ਼ਰੀ ਮਨਜ਼ੂਰੀ ਦਿੱਤੀ ਹੈ।
ਚੀਨ ਨੇ ਭਾਰਤ ਦੇ ਕੋਰੋਨਾ ਟੀਕੇ ਦੀ ਕੀਤੀ ਤਾਰੀਫ਼
ਭਾਰਤ ’ਚ ਬਣੇ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਚੀਨ ਨੇ ਤਾਰੀਫ਼ ਕਰਦੇ ਹੋਏ ਕਿਹਾ ਕਿ ਉਸ ਦੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ ’ਚ ਬਣੇ ਟੀਕੇ ਦੀ ਗੁਣਵੱਤਾ ਦੇ ਮਾਮਲੇ ’ਚ ਕਿਸੇ ਤੋਂ ਪਿੱਛੇ ਨਹੀਂ ਹੈ। ਚੀਨ ਕਮਿਊਨਿਟੀ ਪਾਰਟੀ ਦੇ ਗਲੋਬਲ ਟਾਈਮਜ਼ ’ਚ ਪ੍ਰਕਾਸ਼ਿਤ ਇਕ ਲੇਖ ’ਚ ਚੀਨ ਮਾਹਿਰਾਂ ਨੇ ਕਿਹਾ ਕਿ ਭਾਰਤ ’ਚ ਬਣੇ ਕੋਰੋਨਾ ਵਾਇਰਸ ਦੇ ਟੀਕੇ ਚੀਨੀ ਟੀਕਿਆਂ ਦੇ ਮੁਕਾਬਲੇ ਕਿਸੇ ਵੀ ਐਂਗਲ ਤੋਂ ਘੱਟ ਨਹੀਂ ਹਨ।