ਦਿੱਲੀ ਸਰਕਾਰ ਨੇ ਸਕੂਲਾਂ ਨੂੰ ਕਿਹਾ- ‘ਬੱਚਿਆਂ ਨੂੰ ਪਤੰਗ ਉਡਾਉਣ ਤੋਂ ਰੋਕੋ’

08/27/2019 4:01:54 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਤੋਂ ਰੋਕੋ ਅਤੇ ਇਸ ਕਾਰਨ ਪੰਛੀਆਂ ਤੇ ਮਨੁੱਖ ਦੋਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣ। ਸਿੱਖਿਆ ਡਾਇਰੈਕਟੋਰੇਟ (ਡੀ.ਓ.ਈ.) ਨੇ ਸਕੂਲ ਪਿ੍ਰੰਸੀਪਲਾਂ ਨੂੰ ਲਿਖੇ ਪੱਤਰ ’ਚ ਕਿਹਾ,‘‘ਦਿੱਲੀ ’ਚ ਪਤੰਗ ਉਡਾਉਣਾ ਆਮ ਗੱਲ ਹੈ। ਪਤੰਗ ਉਡਾਉਣ ਕਾਰਨ ਕਈ ਵਾਰ ਮਨੁੱਖਾਂ ਅਤੇ ਪਸ਼ੂਆਂ-ਪੰਛੀਆਂ ਨੂੰ ਵੀ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਉਹ ਜ਼ਖਮੀ ਹੋ ਜਾਂਦੇ ਹਨ। ਪਤੰਗ ਉਡਾਉਣ ’ਚ ਇਸਤੇਮਾਲ ਹੋਣ ਵਾਲੀ ਡੋਰ ’ਤੇ ਧਾਤੂ ਦੀ ਲੇਪ ਕਾਰਨ ਇਹ ਵਧ ਜਾਨਲੇਵਾ ਅਤੇ ਖਤਰਨਾਕ ਹੋ ਜਾਂਦਾ ਹੈ।’’

ਸਿੱਖਿਆ ਡਾਇਰੈਕਟੋਰੇਟ ਨੇ ਕਿਹਾ,‘‘ਖਾਸ ਕਰ ਕੇ ਤਿਉਹਾਰਾਂ ਦੌਰਾਨ ਪਤੰਗ ਉਡਾਉਣ ਨਾਲ ਹੋਣ ਵਾਲੇ ਹਾਦਸਿਆਂ ’ਚ ਹਮੇਸ਼ਾ ਖਤਰਨਾਕ ਸੱਟਾਂ ਲੱਗਦੀਆਂ ਹਨ।’’ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਪੱਤਰ ’ਚ ਕਿਹਾ ਗਿਆ ਹੈ ਕਿ ਪਤੰਗ ਉਡਾਉਣ ਨਾਲ ਲੋਕਾਂ, ਪਸ਼ੂ-ਪੰਛੀਆਂ ਨੂੰ ਖਤਰਾ ਹੋ ਸਕਦਾ ਹੈ, ਇਸ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰ ਕੇ ਉਨ੍ਹਾਂ ਨੂੰ ਪਤੰਗ ਉਡਾਉਣ ਤੋਂ ਰੋਕਣਾ ਚਾਹੀਦਾ ਹੈ। ਇਸ ਦੇ ਅਨੁਸਾਰ,‘‘ਹਾਈ ਵੋਲਟੇਜ਼ ਲਾਈਨਾਂ ਅਤੇ ਮੈਟਰੋ ਦੀਆਂ ਇਲੈਕਟ੍ਰਿਕ ਤਾਰਾਂ ਨੂੰ ਛੂਹਣ ਕਾਰਨ ਇਸ ਨਾਲ ਬਿਜਲੀ ਸਪਲਾਈ ਰੁਕ ਸਕਦੀ ਹੈ। ਇਹ ਪਤੰਗ ਉਡਾਉਣ ਵਾਲੇ ਵਿਅਕਤੀ ਲਈ ਵੀ ਖਤਰਨਾਕ ਹੋ ਸਕਦਾ ਹੈ।’’ ਸਿੱਖਿਆ ਡਾਇਰੈਕਟੋਰੇਟ ਦੇ ਅਧਿਕਾਰੀਆਂ ਅਨੁਸਾਰ ਸਰਕਾਰੀ, ਸਰਕਾਰ ਸਮਰਥਿਤ ਅਤੇ ਨਿੱਜੀ ਸਕੂਲਾਂ ਦੇ ਪ੍ਰਮੁੱਖਾਂ ਨੂੰ ਸਕੂਲ ਦੀ ਸਭਾ ਦੌਰਾਨ ਵਿਦਿਆਰਥੀਆਂ ਅਤੇ ਸਕੂਲਾਂ ਦੇ ਕਰਮਚਾਰੀਆਂ ਨੂੰ ਪਤੰਗ ਉਡਾਉਣ ਦੇ ਖਤਰੇ ਬਾਰੇ ਸੰਵੇਦਨਸ਼ੀਲ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।’’


DIsha

Content Editor

Related News