ਦਿੱਲੀ ''ਚ ਭਾਜਪਾ ਦੀ ਵਰਕਰ ਤੇ ਉਸ ਦੇ ਬੇਟੇ ਨੂੰ ਰਿਸ਼ਤੇਦਾਰ ਨੇ ਮਾਰੀ ਗੋਲੀ
Friday, Jun 28, 2019 - 02:50 PM (IST)

ਨਵੀਂ ਦਿੱਲੀ— ਦਿੱਲੀ 'ਚ ਰੋਹਿਣੀ ਦੇ ਕੰਝਾਵਲਾ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਭਾਜਪਾ ਦੀ ਇਕ ਸਥਾਨਕ ਵਰਕਰ ਅਤੇ ਉਸ ਦੇ ਬੇਟੇ ਨੂੰ ਕਥਿਤ ਤੌਰ 'ਤੇ ਉਸ ਦੇ ਰਿਸ਼ਤੇਦਾਰ ਨੇ ਗੋਲੀ ਮਾਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਭਾਜਪਾ ਮਹਿਲਾ ਮੋਰਚਾ ਬਾਹਰੀ ਜ਼ਿਲੇ ਦੀ ਮੈਂਬਰ ਰਾਜ ਰਾਣੀ (60) ਅਤੇ ਉਸ ਦੇ ਬੇਟੇ ਨੇਤਰਪਾਲ (35) ਨੂੰ ਗੋਲੀ ਲੱਗਣ ਤੋਂ ਬਾਅਦ ਸਰੋਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਔਰਤ ਦੀ ਹਾਲਤ ਸਥਿਰ ਹੈ, ਜਦੋਂ ਕਿ ਉਸ ਦੇ ਬੇਟੇ ਦੀ ਹਾਲਤ ਨਾਜ਼ੁਕ ਹੈ।
ਰਾਜ ਰਾਣੀ ਦੇ ਪੈਰ 'ਚ ਗੋਲੀ ਲੱਗੀ ਹੈ, ਜਦੋਂ ਕਿ ਉਸ ਦੇ ਬੇਟੇ ਨੂੰ ਪੇਟ ਅਤੇ ਹੱਥ 'ਤੇ ਗੋਲੀ ਲੱਗੀ ਹੈ। ਪੁਲਸ ਡਿਪਟੀ ਕਮਿਸ਼ਨਰ (ਰੋਹਿਣੀ) ਐੱਸ.ਡੀ. ਮਿਸ਼ਰਾ ਨੇ ਕਿਹਾ,''ਪਰਿਵਾਰ 'ਚ ਜਾਇਦਾਦ ਨੂੰ ਲੈ ਕੇ ਵਿਵਾਦ ਹੈ। ਮਾਂ-ਬੇਟੇ ਨੂੰ ਹਰਿਆਣਾ 'ਚ ਰਹਿਣ ਵਾਲੇ ਇਕ ਰਿਸ਼ਤੇਦਾਰ ਨੇ ਗੋਲੀ ਮਾਰੀ।'' ਪੁਲਸ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਪੁਲਸ ਨਾਲ ਸੰਪਰਕ ਕੀਤਾ ਜਾਵੇਗਾ।