ਨਰਸਿੰਗ ਦੀ ਵਿਦਿਆਰਥਣ ਤੇ ਉਸ ਦਾ ਸਾਥੀ 50 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ
Sunday, Jul 06, 2025 - 03:59 AM (IST)

ਸਮਰਾਲਾ (ਗਰਗ, ਬੰਗੜ, ਵਰਮਾ, ਸਚਦੇਵਾ) - ਪੁਲਸ ਨੇ ਬੱਸ ਦੀ ਚੈਕਿੰਗ ਦੌਰਾਨ ਮੁੰਡੇ ਤੇ ਕੁੜੀ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਦੇਵ ਅਰਜੁਨ (24) ਤੇ ਜਸ਼ਨਪ੍ਰੀਤ ਕੌਰ (20) ਵਜੋਂ ਹੋਈ ਹੈ, ਜੋ ਦੋਵੇਂ ਮੋਗਾ ਜ਼ਿਲੇ ਦੇ ਰਹਿਣ ਵਾਲੇ ਹਨ। ਜਸ਼ਨਪ੍ਰੀਤ ਕੌਰ ਜੀ.ਐੱਮ. ਨਰਸਿੰਗ ਦੀ ਵਿਦਿਆਰਥਣ ਹੈ। ਪੁਲਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮੁਲਜ਼ਮਾਂ ਦੇ ਕਿਸੇ ਵੱਡੇ ਨਸ਼ਾ ਸਮੱਗਲਿੰਗ ਗਿਰੋਹ ਨਾਲ ਤਾਰ ਜੁੜੇ ਹੋ ਸਕਦੇ ਹਨ ਤੇ ਹੋਰ ਪੁੱਛਗਿੱਛ ’ਚ ਕਈ ਵੱਡੇ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀ ਹੇਡੋਂ ਦੇ ਬਾਹਰ ਨਾਰਕੋਟਿਕਸ ਟੀਮ ਸਮੇਤ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਵੱਲੋਂ ਬੱਸਾਂ ਨੂੰ ਰੋਕਦਿਆਂ ਤਲਾਸ਼ੀ ਲਈ ਜਾ ਰਹੀ ਸੀ। ਇਸ ਮੌਕੇ ਜਿਉਂ ਹੀ ਪੁਲਸ ਪਾਰਟੀ ਨੇ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਬੱਸ ਨੂੰ ਰੋਕਿਆ ਤਾਂ ਉਸ ’ਚ ਸਵਾਰ ਇਕ ਮੁੰਡਾ ਤੇ ਕੁੜੀ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਉਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ ਪੁਲਸ ਨੂੰ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਵੱਲੋਂ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਬੱਸ ਰਾਹੀਂ ਮੋਗਾ ਤੋਂ ਖਰੜ ਲਈ ਜਾ ਰਹੇ ਸਨ। ਇਹ ਹੈਰੋਇਨ ਵੀ ਉੱਥੇ ਹੀ ਕਿਸੇ ਨੂੰ ਦਿੱਤੀ ਜਾਣੀ ਸੀ। ਦੋਵੇਂ ਆਪਸ ’ਚ ਕਾਫ਼ੀ ਸਮੇਂ ਤੋਂ ਜਾਣਕਾਰ ਸਨ। ਪੁਲਸ ਵੱਲੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।