ਹਸਪਤਾਲ ''ਚ ਹਰ ਪਾਸੇ ਖਟਮਲ ਹੀ ਖਟਮਲ, ਮਰੀਜ਼ਾਂ ਨਾਲ ਆਏ ਰਿਸ਼ਤੇਦਾਰ ਹੋ ਰਹੇ ਬੀਮਾਰ

Wednesday, Jul 02, 2025 - 12:04 PM (IST)

ਹਸਪਤਾਲ ''ਚ ਹਰ ਪਾਸੇ ਖਟਮਲ ਹੀ ਖਟਮਲ, ਮਰੀਜ਼ਾਂ ਨਾਲ ਆਏ ਰਿਸ਼ਤੇਦਾਰ ਹੋ ਰਹੇ ਬੀਮਾਰ

ਚੰਡੀਗੜ੍ਹ (ਸ਼ੀਨਾ) : ਇੱਥੇ ਪੀ. ਜੀ. ਆਈ. ’ਚ ਲੱਖਾਂ ਲੋਕ ਰੋਜ਼ਾਨਾ ਦੂਰ-ਦੁਰਾਡੇ ਤੋਂ ਆਉਂਦੇ ਹਨ। ਮਰੀਜ਼ਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਹੁੰਦੇ ਹਨ, ਜਿਨ੍ਹਾਂ ਨੂੰ ਪੀ. ਜੀ. ਆਈ. ’ਚ ਮਰੀਜ਼ ਦੀ ਦੇਖਭਾਲ ਲਈ ਨਾਲ ਰਹਿਣਾ ਪੈਂਦਾ ਹੈ। ਅਜਿਹੇ ’ਚ ਮਰੀਜ਼ਾਂ ਲਈ ਇਲਾਜ ਦੀ ਸੁਵਿਧਾ ਤਾਂ ਪੂਰੀ ਹੈ ਪਰ ਕੁੱਝ ਵਿਭਾਗਾਂ ’ਚ ਸਫ਼ਾਈ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀ. ਜੀ. ਆਈ. ਨਹਿਰੂ ਹਸਪਤਾਲ ਦੇ ਨੈਫਰੋਲੋਜੀ ਵਿਭਾਗ (ਕਿਡਨੀ ਦੇ ਬਿਮਾਰੀ ਦਾ ਵਿਭਾਗ) ’ਚ ਖਟਮਲਾਂ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਜਿਸ ਨਾਲ ਸਰੀਰ ’ਤੇ ਐਲਰਜੀ ਅਤੇ ਲਾਲ ਦਾਣੇ ਹੋਣ ਨਾਲ, ਮਰੀਜ਼ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਉਲਟਾ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ।
2 ਦਿਨਾਂ ’ਚ ਹੀ ਹੋ ਗਈ ਸਰੀਰ ’ਤੇ ਐਲਰਜੀ 
ਹੁਸ਼ਿਆਰਪੁਰ ਤੋਂ ਕਿਡਨੀਆਂ ਦਾ ਇਲਾਜ ਕਰਵਾਉਣ ਆਏ ਮਰੀਜ਼ ਦੀ ਪਤਨੀ ਮਮਤਾ ਨੇ ਦੱਸਿਆ ਕਿ ਉਹ ਪਿਛਲੇ 16 ਦਿਨਾਂ ਤੋਂ ਪੀ. ਜੀ. ਆਈ. ਦੇ ਇਸ ਵਿਭਾਗ ’ਚ ਦਾਖ਼ਲ ਹੈ। ਇਕ ਕਮਰੇ ’ਚ 6 ਮਰੀਜ਼ ਹਨ। ਹਰ ਮਰੀਜ਼ ਦੇ ਨਾਲ ਉਨ੍ਹਾਂ ਦਾ ਇਕ ਰਿਸ਼ਤੇਦਾਰ ਰੁਕ ਸਕਦਾ ਹੈ, ਜਿਸ ਲਈ ਉਨ੍ਹਾਂ ਨੂੰ ਫਰਸ਼ ’ਤੇ ਸੌਣ ਲਈ ਉਨ੍ਹਾਂ ਕੋਲ ਹਸਪਤਾਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਾਲੇ ਰੰਗ ਦੀਆਂ ਫੋਮ ਦੀਆਂ ਸ਼ੀਟਾ ਹਨ ਅਤੇ ਉਨ੍ਹਾਂ ’ਤੇ ਹੀ ਸੌਣਾ ਪੈਂਦਾ ਹੈ। 2 ਦਿਨ ’ਚ ਹੀ ਥੱਲੇ ਸੌਣ ਨਾਲ ਪੂਰੇ ਸਰੀਰ ’ਤੇ ਲਾਲ ਦਾਣੇ ਹੋ ਗਏ ਅਤੇ ਖਾਰਸ਼ ਹੋਣ ਨਾਲ ਜ਼ਿਆਦਾ ਤਕਲੀਫ਼ ਵੱਧ ਗਈ। ਸ਼ੀਟ ਨੂੰ ਝਾੜ ਕੇ ਦੇਖਿਆ ਤਾਂ ਉਸ ’ਚੋਂ ਕਈ ਖਟਮਲ (ਕੀੜੇ) ਨਿਕਲੇ। ਇਸ ਬਾਰੇ ਜਦੋਂ ਵਿਭਾਗ ’ਚ ਆਏ ਡਾਕਟਰ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੁੱਝ ਨਹੀਂ ਪਤਾ। ਪੀ. ਜੀ. ਆਈ. ’ਚ ਆਏ ਪੀੜਤ ਨੇ ਕਿਹਾ ਕਿ ਸਾਨੂੰ ਸਾਡੇ ਮਰੀਜ਼ ਦੇ ਇਲਾਜ ’ਚ ਸਾਰੀ ਸਹੂਲਤ ਮਿਲ ਰਹੀ ਹੈ ਪਰ ਸਾਡੇ ਰਹਿਣ ਲਈ ਕੋਈ ਸਹੂਲਤ ਨਹੀਂ, ਉਲਟਾ ਸਾਨੂੰ ਇੱਥੇ ਆ ਕੇ ਐਲਰਜੀ ਹੋ ਗਈ ਹੈ। ਵਿਭਾਗ ’ਚ ਹੋਰ ਵੀ ਕਈ ਲੋਕ ਹਨ, ਜਿਨ੍ਹਾਂ ਨੂੰ ਐਲਰਜੀ ਹੋਈ ਹੈ। ਜਿਸ ਦਾ ਕਾਰਨ ਇੱਥੇ ਸਮੇਂ ’ਤੇ ਸਫ਼ਾਈ ਨਾ ਹੋਣਾ ਹੈ। ਪੀੜਤ ਨੇ ਹਸਪਤਾਲ ਪ੍ਰਬੰਧਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਦਾ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਰਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ
ਕੰਧਾਂ ਦੀਆਂ ਤਰੇੜਾਂ ’ਚੋਂ ਆਉਂਦੇ ਨੇ ਬਾਹਰ 
ਲੁਧਿਆਣਾ ਤੋਂ ਕਿਡਨੀਆਂ ਦਾ ਇਲਾਜ ਕਰਵਾਉਣ ਆਏ ਮਰੀਜ਼ ਦੀ ਮਾਤਾ ਨੇ ਦੱਸਿਆ ਕਿ ਹਸਪਤਾਲ ਦੇ ਵਿਭਾਗ ਵੱਲੋਂ ਮਰੀਜ਼ ਦੀ ਦੇਖਭਾਲ ਕਰਨ ਵਾਲੇ ਲਈ ਦਿੱਤੇ ਗੱਦੇ ਕਾਲੇ ਰੰਗ ਦੇ ਕੀੜਿਆਂ ਨਾਲ ਭਰੇ ਪਏ ਹਨ, ਜੋ ਕਿ ਇਨ੍ਹਾਂ ’ਤੇ ਪੈਣ ਵਾਲੇ ਨੂੰ ਕੱਟਦੇ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ’ਤੇ ਧੱਫੜਾਂ ਵਾਂਗ ਨਿਸ਼ਾਨ ਪੈ ਗਏ ਹਨ ਅਤੇ ਪੂਰੇ ਸਰੀਰ ’ਤੇ ਖਾਰਸ਼ ਹੋ ਰਹੀ ਹੈ। ਰਾਤ ਵੇਲੇ ਇਹ ਪਰੇਸ਼ਾਨੀ ਜ਼ਿਆਦਾ ਝੱਲਣੀ ਪੈਂਦੀ ਹੈ। ਡਾਕਟਰ ਨੇ ਇਸ ਲਈ ਦਵਾਈ ਤਾਂ ਦਿੱਤੀ ਹੈ ਪਰ ਕੋਈ ਅਸਰ ਨਹੀਂ ਹੋ ਰਿਹਾ। ਅਜਿਹੇ ਕਈ ਮਰੀਜ਼ ਸਨ ਜੋ ਕਿ ਇੱਥੋਂ ਇਸੇ ਕਾਰਨ ਮੁੜ ਕੇ ਗਏ ਹਨ। ਪੀੜਤ ਨੇ ਦੱਸਿਆ ਕਿ ਰਾਤ ਵੇਲੇ ਇਹ ਕੀੜੇ ਕੰਧਾਂ ਦੀਆਂ ਤਰੇੜਾਂ ’ਚੋਂ ਅਤੇ ਸਿੰਕ ’ਚੋਂ ਬਾਹਰ ਆਉਂਦੇ ਹਨ ਅਤੇ ਫਰਸ਼ ’ਤੇ ਘੁੰਮਦੇ ਰਹਿੰਦੇ ਹਨ ਤੇ ਗੱਦਿਆਂ ’ਚ ਵੜ ਜਾਂਦੇ ਹਨ।
ਪਿਤਾ ਦਾ ਇਲਾਜ ਕਰਵਾਉਣ ਆਏ, ਖ਼ੁਦ ਹੋ ਗਏ ਬਿਮਾਰ
ਗੜ੍ਹਸ਼ੰਕਰ ਤੋਂ ਆਪਣੇ ਪਿਤਾ ਦੀਆਂ ਕਿਡਨੀਆਂ ਦਾ ਇਲਾਜ ਕਰਵਾਉਣ ਆਏ ਸਿਮਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਰਜੈਂਸੀ ਤੋਂ ਕਿਡਨੀ ਵਿਭਾਗ ’ਚ ਸ਼ਿਫਟ ਕੀਤਾ ਗਿਆ ਸੀ। ਪਿਤਾ ਦੀ ਦੇਖਭਾਲ ਲਈ ਉਹ ਨਾਲ ਹਨ। ਰਾਤ ਵੇਲੇ ਖਟਮਲ ਦੇ ਕੱਟਣ ਨਾਲ ਉਨ੍ਹਾਂ ਦੇ ਸਾਰੇ ਸਰੀਰ ’ਤੇ ਲਾਲ ਦਾਣੇ ਪੈ ਗਏ ਹਨ ਤੇ ਖਾਰਸ਼ ਸ਼ੁਰੂ ਹੋ ਗਈ। ਵਿਭਾਗ ਵੱਲੋਂ ਦਵਾਈ ਵੀ ਦਿੱਤੀ ਗਈ, ਜਿਸ ਦਾ ਘੱਟ ਹੀ ਅਸਰ ਹੋਇਆ ਤੇ ਉਨ੍ਹਾਂ ਦੀ ਬਾਇਓਪਸੀ ਵੀ ਕੀਤੀ ਗਈ, ਜਿਸ ਦੀ ਰਿਪੋਰਟ ਇਕ ਹਫ਼ਤੇ ਬਾਅਦ ਮਿਲੇਗੀ ਪਰ ਉਸ ਦੇ ਸਰੀਰ ’ਤੇ ਖਾਰਸ਼ ਤੇ ਲਾਲ ਦਾਣੇ ਵੱਧ ਰਹੇ ਹਨ।
ਮਰੀਜ਼ਾਂ ਤੇ ਤਿਮਾਰਦਾਰਾਂ ਦੀ ਸੁਵਿਧਾ ’ਤੇ ਪੂਰਾ ਧਿਆਨ : ਪ੍ਰੋ. ਕੌਸ਼ਲ
ਇਸ ਬਾਰੇ ਪੀ. ਜੀ. ਆਈ. ਦੇ ਮੁੱਖ ਬੁਲਾਰੇ ਪ੍ਰੋ. ਵਿਪਿਨ ਕੌਸ਼ਲ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਵਿਜੇ ਤਾੜੀਆਂ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਮੀਂਹ ਦੇ ਮੌਸਮ ’ਚ ਅਜਿਹੇ ਹਾਲਾਤ ਬਣਨੇ ਸੰਭਵ ਹਨ ਪਰ ਪੀ. ਜੀ. ਆਈ. ’ਚ ਮਰੀਜ਼ਾਂ ਦੇ ਨਾਲ ਆਉਣ ਵਾਲੇ ਹਰ ਇਕ ਮੈਂਬਰ ਦੀ ਦੇਖ-ਰੇਖ ਤੇ ਸਫ਼ਾਈ ਦੇ ਲਈ ਸੁਵਿਧਾ ’ਤੇ ਪੂਰਾ ਧਿਆਨ ਹੈ ਅਤੇ ਸਮੇਂ ਤੇ ਇਸ ਦੇ ਲਈ ਉਹ ਖ਼ੁਦ ਵੀ ਜਾਂਚ ਕਰਦੇ ਰਹਿਣਗੇ।

ਇਹ ਵੀ ਪੜ੍ਹੋ : PGI 'ਚ ਪਹਿਲੀ ਵਾਰ ਦਿਲ ਦੀ Live ਸਰਜਰੀ, ਹਜ਼ਾਰਾਂ ਡਾਕਟਰਾਂ ਨੇ ਦੇਖਿਆ ਲਾਈਵ ਆਪਰੇਸ਼ਨ
ਬਰਸਾਤਾਂ ’ਚ ਕਿੱਥੇ ਹੁੰਦੇ ਨੇ ਜ਼ਿਆਦਾ ਖਟਮਲ 
ਬਰਸਾਤਾਂ ਦੇ ਮੌਸਮ ’ਚ ਅਕਸਰ ਖਟਮਲ ਵੱਧ ਜਾਂਦੇ ਹਨ ਅਤੇ ਇਹ ਜ਼ਿਆਦਾਤਰ ਬਿਸਤਰੇ ਦੇ ਨਜ਼ਦੀਕ ਪਾਏ ਜਾਂਦੇ ਹਨ। ਆਮ ਤੌਰ ’ਤੇ ਬਿਸਤਰੇ ਦੇ ਖਟਮਲ ਤੁਹਾਡੇ ਸੌਣ ਵਾਲੀ ਥਾਂ ਤੋਂ 8 ਫੁੱਟ ਦੇ ਅੰਦਰ ਰਹਿੰਦੇ ਹਨ ਅਤੇ ਜ਼ਿਆਦਾਤਰ ਰਾਤ ਨੂੰ ਸਰਗਰਮ ਰਹਿੰਦੇ ਹਨ। ਦਿਨ ’ਚ ਬਿਸਤਰੇ ਦੇ ਖਟਮਲ ਤੁਹਾਡੇ ਬਿਸਤਰੇ ਦੇ ਅੰਦਰ ਅਤੇ ਆਲੇ-ਦੁਆਲੇ ਲੁਕ ਜਾਂਦੇ ਹਨ। ਬੈੱਡਰੂਮ ਕੁਰਸੀਆਂ ਜਾਂ ਸੋਫ਼ਿਆਂ ਦੇ ਕੁਸ਼ਨਾਂ ਦੇ ਕਿਨਾਰਿਆਂ ਦੇ ਵਿਚਕਾਰ ਵੀ ਇਹ ਪਾਏ ਜਾਂਦੇ ਹਨ। ਬਿਸਤਰੇ ਦੇ ਖਟਮਲ 6 ਤੋਂ 24 ਮਹੀਨਿਆਂ ਤੱਕ ਜਿਊਂਦੇ ਰਹਿ ਸਕਦੇ ਹਨ। ਖਟਮਲ ਆਮ ਤੌਰ ’ਤੇ ਹਰ 3 ਤੋਂ 7ਦਿਨਾਂ ’ਚ ਭੋਜਨ ਕਰਦੇ ਹਨ ਪਰ ਬਿਨਾਂ ਖਾਧੇ ਕਈ ਮਹੀਨਿਆਂ ਤੋਂ ਇਕ ਸਾਲ ਤੱਕ ਵੀ ਜੀਅ ਸਕਦੇ ਹਨ। ਖਟਮਲ ਜ਼ਿਆਦਾਤਰ ਸਰੀਰ ’ਤੇ ਗਰਦਨ, ਪੈਰਾਂ ’ਤੇ ਅਤੇ ਮੂੰਹ ’ਤੇ ਕੱਟਦੇ ਹਨ। ਜਿਸ ਤੋਂ ਬਾਅਦ ਚਮੜੀ ’ਤੇ ਖਾਰਸ਼, ਲਾਲ ਦਾਣੇ, ਫਿਨਸੀਆਂ ਅਤੇ ਹਲਕਾ ਦਰਦ ਤੇ ਬੇਚੈਨੀ ਰਹਿੰਦੀ ਹੈ।
ਆਲੇ ਦੁਆਲੇ ਰੱਖੋ ਸਫ਼ਾਈ : ਡਾ. ਅਪੂਰਵਾ
ਪੀ. ਜੀ. ਆਈ. ਦੇ ਚਮੜੀ ਰੋਗ ਵਿਭਾਗ ਦੇ ਸੀਨੀਅਰ ਅਸਿਸਟੈਂਟ ਡਾ. ਅਪੂਰਵਾ ਸ਼ਰਮਾ ਨੇ ਦੱਸਿਆ ਕਿ ਬਰਸਾਤਾਂ ’ਚ ਮਰੀਜ਼ਾਂ ਦੇ ਸਰੀਰ ’ਤੇ ਲਾਲ ਦਾਣੇ ਹੋਣ ਨਾਲ ਐਲਰਜੀ ਹੋ ਜਾਂਦੀ ਹੈ। ਇਸ ਦਾ ਕਾਰਨ ਘਰ ’ਚ ਸਫ਼ਾਈ ਨਾ ਹੋਣ ਕਾਰਨ ਕੀੜੇ ਅਤੇ ਖਟਮਲ ਵੱਧਣਾ ਹੈ। ਜੇਕਰ ਮਰੀਜ਼ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੈ ਤਾਂ ਉਸ ਨੂੰ ਆਪਣੇ ਕਪੜੇ ਅਲੱਗ ਧੋਣੇ ਜ਼ਰੂਰੀ ਹੈ। ਘਰ 'ਚ ਦੂਜਿਆਂ ਤੋਂ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ ਅਤੇ ਆਪਣੇ ਸੌਣ ਵਾਲੇ ਬਿਸਤਰੇ ਨੂੰ ਰੋਜ਼ਾਨਾ ਲਾਜ਼ਮੀ ਸਾਫ਼ ਕਰਨਾ ਚਾਹੀਦਾ ਹੈ। ਡਾ. ਅਪੂਰਵਾ ਨੇ ਕਿਹਾ ਕਿ ਮਰੀਜ਼ ਨੂੰ ਖਾਰਸ਼ ਵੱਧ ਹੋ ਰਹੀ ਹੈ ਤਾਂ ਅਜਿਹੇ ’ਚ ਐਂਟੀਹਿਸਟਾਮਾਈਨਜ਼, ਸਟੀਰੌਇਡ ਕਰੀਮਾਂ ਅਤੇ ਐਂਟੀਬਾਇਓਟਿਕਸ ਦਵਾਈਆਂ ਕਾਰਗਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News