ਆਨਲਾਈਨ ਟਾਸਕ ਦੇ ਨਾਂ ’ਤੇ ਮਾਰੀ ਕਰੋੜਾਂ ਦੀ ਠੱਗੀ, ਪੰਜ ਗ੍ਰਿਫ਼ਤਾਰ
Wednesday, Jul 02, 2025 - 11:52 PM (IST)

ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਟ੍ਰੇਡਿੰਗ ’ਚ ਨਿਵੇਸ਼, ਪਾਰਸਲ ਤੇ ਆਨਲਾਈਨ ਕੰਮ ਦੇ ਨਾਮ ’ਤੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਪੰਜ ਠੱਗਾਂ ਨੂੰ ਸਾਈਬਰ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ। ਠੱਗਾਂ ਦੀ ਪਛਾਣ ਗੁਜਰਾਤ ਵਾਸੀ ਮਾਧਵ ਪ੍ਰਜਾਪਤੀ, ਧਰਮਿੰਦਰ ਸਿੰਘ, ਠਾਕਰ ਗੌਤਮ ਮਵਾਜੀ, ਪਟੇਲ ਹਿਰੇਨਕੁਮਾਰ ਮੁਕੇਸ਼ ਕੁਮਾਰ ਤੇ ਵਘੇਲਾ ਪ੍ਰਫੁੱਲਾ ਵਜੋਂ ਹੋਈ। ਸਾਈਬਰ ਸੈੱਲ ਨੇ ਠੱਗਾਂ ਤੋਂ ਮੋਬਾਈਲ ਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਸ ਠੱਗਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸਾਈਬਰ ਕ੍ਰਾਈਮ ਪੁਲਸ ਥਾਣਾ ਨੇ 28 ਮਾਰਚ ਨੂੰ ਵੱਡੇ ਆਨਲਾਈਨ ਧੋਖਾਧੜੀ ਦੇ ਮਾਮਲੇ ’ਚ ਐੱਫ.ਆਈ.ਆਰ. ਦਰਜ ਕੀਤੀ ਸੀ। ਸੈਕਟਰ-21ਏ ਨਿਵਾਸੀ ਕਨਵ ਖੰਨਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨਾਲ 1.08 ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਉਸ ਨੂੰ ਐੱਫ.ਐੱਫ. ਬਲੈਕਰੌਕ ਨਿਵੇਸ਼ ਸੰਸਥਾ ਨਾਮ ਦੇ ਵ੍ਹਟਸਐਪ ਗਰੁੱਪ ’ਚ ਜੋੜਿਆ ਗਿਆ। ਜਿੱਥੇ ਜਾਅਲੀ ਐਪ ਰਾਹੀਂ ਸ਼ੇਅਰ ਮਾਰਕੀਟ ’ਚ ਨਿਵੇਸ਼ ਦਾ ਲਾਲਚ ਦਿੱਤਾ ਗਿਆ। ਸ਼ੁਰੂਆਤ ’ਚ ਕੁਝ ਪੈਸੇ ਵਾਪਸ ਵੀ ਆਏ, ਜਿਸ ਨਾਲ ਵਿਸ਼ਵਾਸ ਬਣਿਆ ਪਰ ਜਦੋਂ ਉਸਨੇ ਸਾਰੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਧਮਕਾਇਆ ਗਿਆ ਤੇ ਟੈਕਸ ਦੇ ਨਾਮ ’ਤੇ ਹੋਰ ਪੈਸੇ ਜਮ੍ਹਾਂ ਕਰਵਾਏ ਗਏ। ਜਾਂਚ ਦੌਰਾਨ ਮੋਬਾਈਲ ਨੰਬਰ, ਬੈਂਕ ਖਾਤਾ ਤੇ ਪਛਾਣ ਨਾਲ ਸਬੰਧਤ ਜਾਣਕਾਰੀ (ਕੇ.ਵਾਈ.ਸੀ.) ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਕੁੱਲ 49 ਲੱਖ ਰੁਪਏ ਬੈਂਕ ਆਫ਼ ਬੜੌਦਾ ਦੇ ਖਾਤੇ ’ਚ ਭੇਜੇ ਗਏ ਸਨ। ਇਹ ਖਾਤਾ ਅਹਿਮਦਾਬਾਦ (ਗੁਜਰਾਤ) ਦੇ ਨਿਵਾਸੀ ਮਾਧਵ ਪ੍ਰਜਾਪਤੀ ਦੇ ਨਾਮ ’ਤੇ ਸੀ। 26 ਜੂਨ ਨੂੰ ਪੁਲਸ ਨੇ ਗੁਜਰਾਤ ਦੇ ਬੋਟਾਡ ਜ਼ਿਲ੍ਹੇ ਦੇ ਬਾਰਵਾਲਾ ਇਲਾਕੇ ’ਚ ਛਾਪਾ ਮਾਰ ਕੇ ਮੁਲਜ਼ਮ ਮਾਧਵ ਪ੍ਰਜਾਪਤੀ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ’ਚ ਉਸਨੇ ਦੱਸਿਆ ਕਿ ਇਹ ਖਾਤਾ ਕਿਸੇ ਹੋਰ ਮੁਲਜ਼ਮ ਦੇ ਕਹਿਣ ’ਤੇ ਖੋਲ੍ਹਿਆ ਤੇ 20 ਹਜ਼ਾਰ ਰੁਪਏ ਦਾ ਕਮਿਸ਼ਨ ਲੈ ਕੇ ਏ.ਟੀ.ਐੱਮ. ਕਾਰਡ ਤੇ ਦਸਤਾਵੇਜ਼ ਉਸਨੂੰ ਦੇ ਦਿੱਤੇ। ਇਸ ਦੇ ਆਧਾਰ ’ਤੇ ਧਰਮਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਈ। ਪੁਲਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਬੈਂਕ ਖਾਤਿਆਂ ਨੂੰ ਸੀਜ਼ ਕੀਤਾ ਜਾ ਰਿਹਾ ਹੈ ਤੇ ਠੱਗੀ ਗਈ ਰਕਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਰਸਲ ਦੇ ਨਾਮ ’ਤੇ ਬੈਂਕ ਖਾਤਾ ਹੈਕ, 10 ਲੱਖ ਦਾ ਪਰਸਨਲ ਲੋਨ ਕਰਵਾਇਆ ਮਨਜ਼ੂਰ
ਸੈਕਟਰ-40 ਵਾਸੀ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ 5 ਫਰਵਰੀ 2024 ਨੂੰ ਉਸ ਨੂੰ ਕਾਲ ਆਈ। ਇਸ ’ਚ ਉਸਨੂੰ ਦੱਸਿਆ ਕਿ ਉਸਦੇ ਨਾਮ ’ਤੇ ਪਾਰਸਲ ਭੇਜਿਆ ਗਿਆ ਹੈ। ਇਸ ’ਚ ਨਸ਼ੀਲੇ ਤੇ ਸ਼ੱਕੀ ਪਦਾਰਥ ਹਨ। ਡਰ ਕਾਰਨ ਉਨ੍ਹਾਂ ਨੇ ਜੋ ਵੀ ਕਿਹਾ, ਉਸਨੂੰ ਮੰਨ ਲਿਆ ਗਿਆ। ਮੁਲਜ਼ਮਾਂ ਨੇ ਉਸ ਨੂੰ ਸਕਾਈਪ ਐਪ ਡਾਊਨਲੋਡ ਕਰਨ ਲਈ ਕਿਹਾ ਤੇ ਇਸੇ ਜਰੀਏ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਨਾਮ ’ਤੇ 10 ਲੱਖ ਰੁਪਏ ਲੋਨ ਮਨਜ਼ੂਰ ਕਰਵਾ ਲਿਆ ਤੇ ਉਸ ’ਚੋਂ 9 ਲੱਖ 76 ਹਜ਼ਾਰ 400 ਰੁਪਏ ਦੀ ਰਕਮ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ’ਚ ਜਮ੍ਹਾਂ ਕਰਵਾ ਦਿੱਤੀ। ਸਾਈਬਰ ਸੈੱਲ ਨੇ 26 ਮਾਰਚ ਨੂੰ ਸਤਿੰਦਰਪਾਲ ਦੇ ਬਿਆਨਾਂ ’ਤੇ ਪਰਚਾ ਦਰਜ ਕੀਤਾ ਤੇ ਠੱਗਾਂ ਨੂੰ ਫੜਨ ਲਈ ਪੁਲਸ ਟੀਮ ਬਣਾਈ। ਟੀਮ ਨੇ ਜਾਂਚ ਦੌਰਾਨ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਵਿਜਾਪੁਰ ਥਾਣਾ ਖੇਤਰ ’ਚ ਛਾਪਾ ਮਾਰਿਆ। ਇਸ ’ਚ ਦੋ ਮੁਲਜ਼ਮਾਂ ਠਾਕੋਰ ਗੌਤਮ ਮਾਵਜੀ, ਪਟੇਲ ਹਿਰੇਨਕੁਮਾਰ ਮੁਕੇਸ਼ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ
ਆਨਲਾਈਨ ਟਾਸਕ ਤੇ ਸਰਵੇ ਦੇ ਬਹਾਨੇ 20.88 ਲੱਖ ਦੀ ਠੱਗੀ
ਮਨੀਮਾਜਰਾ ਵਾਸੀ ਵਿਕਾਸ ਸ਼ਰਮਾ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਕਾਇਨ ਡੀ.ਸੀ.ਐਕਸ-8 ਨਾਮਕ ਵ੍ਹਟਸਐਪ ਗਰੁੱਪ ’ਚ ਜੋੜਿਆ ਗਿਆ। ਗਰੁੱਪ ’ਚ ਉਸ ਨੂੰ ਆਨਲਾਈਨ ਟਾਸਕ ਤੇ ਸਰਵੇ ਦੇ ਬਹਾਨੇ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਪੈਸੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਸ਼ੁਰੂਆਤ ’ਚ ਛੋਟੇ-ਛੋਟੇ ਮੁਨਾਫ਼ੇ ਦਿਖਾਏ ਪਰ ਬਾਅਦ ’ਚ ਵਾਰ-ਵਾਰ ਇਹ ਕਹਿ ਕੇ ਵਾਧੂ ਰਕਮ ਮੰਗੀ ਗਈ ਕਿ ਟਾਸਕ ਅਧੂਰੇ ਹਨ ਜਾਂ ਫੀਸ ਦੇਣੀ ਪਵੇਗੀ। ਸ਼ਿਕਾਇਤਕਰਤਾ ਨੇ ਕਈ ਵਾਰ ਪੈਸੇ ਭੇਜੇ ਪਰ ਬਾਅਦ ’ਚ ਵ੍ਹਟਸਐਪ ਤੇ ਟੈਲੀਗ੍ਰਾਮ ’ਤੇ ਉਸ ਨੂੰ ਬਲਾਕ ਕਰ ਦਿੱਤਾ ਗਿਆ। ਇਸ ਤਰ੍ਹਾਂ 20 ਲੱਖ 88 ਹਜ਼ਾਰ 455 ਦੀ ਠੱਗੀ ਕੀਤੀ ਗਈ। ਸਾਈਬਰ ਸੈੱਲ ਨੇ 19 ਅਪ੍ਰੈਲ ਨੂੰ ਪਰਚਾ ਦਰਜ ਕਰਕੇ ਠੱਗਾਂ ਨੂੰ ਫੜਨ ਲਈ ਟੀਮ ਬਣਾਈ। ਜਾਂਚ ਦੌਰਾਨ ਪੁਲਸ ਨੇ ਸਬੰਧਤ ਬੈਂਕ ਖਾਤਿਆਂ ਦੀ ਕਾਲ ਡਿਟੇਲ, ਸਿਮ ਦਸਤਾਵੇਜ਼ ਤੇ ਪਛਾਣ ਸਬੂਤ ਇਕੱਠੇ ਕੀਤੇ। ਇਸ ’ਚ ਪਾਇਆ ਗਿਆ ਕਿ 4 ਸਤੰਬਰ 2024 ਨੂੰ 32 ਹਜ਼ਾਰ 740 ਦੀ ਰਕਮ ਇੰਡੀਅਨ ਬੈਂਕ ਦੇ ਖਾਤੇ ’ਚ ਭੇਜੀ ਗਈ ਸੀ। ਇਹ ਖਾਤਾ ਵਾਘੇਲਾ ਐਂਟਰਪ੍ਰਾਈਜ਼ ਦੇ ਮਾਲਕ ਸੂਰਤ ਗੁਜਰਾਤ ਦੇ ਪ੍ਰਫੁੱਲ ਵਾਘੇਲਾ ਦੇ ਨਾਮ ’ਤੇ ਹੈ। ਇਸ ਤੋਂ ਬਾਅਦ ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਛਾਪਾ ਮਾਰਿਆ ਤੇ ਪੁਲਸ ਨੇ 27 ਜੂਨ ਨੂੰ ਪ੍ਰਫੁੱਲ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਸ ਬਾਕੀ ਸਾਥੀਆਂ ਦੀ ਪਛਾਣ ਕਰਨ ਤੇ ਲੁੱਟੇ ਗਏ ਪੈਸੇ ਦੀ ਬਰਾਮਦਗੀ ਕਰਨ ਲਈ ਅੱਗੇ ਦੀ ਜਾਂਚ ਵਿਚ ਲੱਗੀ ਹੋਈ ਹੈ।