ਅਧਿਆਪਕ ਦੀ ਜਾਨ ਬਚਾਉਣ ਲਈ DSP ਨੇ ਨਹਿਰ 'ਚ ਮਾਰੀ ਛਾਲ, ਹੋਵੇਗਾ ਸਨਮਾਨ

Monday, Jun 30, 2025 - 02:17 PM (IST)

ਅਧਿਆਪਕ ਦੀ ਜਾਨ ਬਚਾਉਣ ਲਈ DSP ਨੇ ਨਹਿਰ 'ਚ ਮਾਰੀ ਛਾਲ, ਹੋਵੇਗਾ ਸਨਮਾਨ

ਸੰਗਰੂਰ/ਸੁਨਾਮ (ਵਿਵੇਕ ਸਿੰਧਵਾਨੀ, ਰਵੀ, ਬਾਂਸਲ)– ਅੱਜ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਵਿਖੇ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਨਾਂ ਸਿਰਫ਼ ਪੁਲਸ ਵਿਭਾਗ ਦੀ ਸ਼ਾਨ ਵਧਾਈ ਹੈ, ਸਗੋਂ ਮਾਨਵਤਾ, ਫਰਜ਼ਨਿਭਾਹੀ ਅਤੇ ਹੌਸਲੇ ਦੀ ਨਵੀਂ ਮਿਸਾਲ ਵੀ ਕਾਇਮ ਕੀਤੀ। ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਇਕ ਅਧਿਆਪਕ ਨੇ ਅਚਾਨਕ ਨਹਿਰ ’ਚ ਛਾਲ ਮਾਰ ਦਿੱਤੀ। ਓਸੇ ਵੇਲੇ ਮੌਕੇ ’ਤੇ ਤਾਇਨਾਤ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਬਿਨਾਂ ਜਿਜਕ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਅਧਿਆਪਕ ਦੇ ਪਿੱਛੇ ਛਾਲ ਮਾਰ ਕੇ ਉਸ ਦੀ ਜਾਨ ਬਚਾਈ।

ਇਹ ਘਟਨਾ ਨਜਦੀਕੀ ਲੋਕਾਂ ਦੇ ਸਾਹ ਰੁਕਾ ਦੇਣ ਵਾਲੀ ਸੀ। ਸਭ ਕੁਝ ਕਈ ਸਕਿੰਟਾਂ ਵਿਚ ਵਾਪਰਿਆ। ਟੀਚਰ ਦੀ ਬੇਬਸੀ ਅਤੇ ਮਨੋਦਸ਼ਾ ਨੂੰ ਸਮਝਦਿਆਂ ਡੀਐਸਪੀ ਖਹਿਰਾ ਨੇ ਇੱਕ ਮਿੰਟ ਵੀ ਨਾ ਗੁਆਉਂਦੇ ਹੋਏ ਜਲ ਧਾਰਾ ਵਿਚ ਛਾਲ ਮਾਰੀ ਅਤੇ ਪਾਣੀ ਵਿਚ ਉਤਰ ਕੇ ਉਸਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਬਹਾਦਰੀ ਭਰੇ ਕੰਮ ਦੀ ਚਰਚਾ ਹੁਣ ਹਰ ਪਾਸੇ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਲੋਕ ਡੀਐਸਪੀ ਦੀ ਵਾਹ ਵਾਹ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਅਜਿਹੇ ਪੁਲਸ ਅਧਿਕਾਰੀ ਜਿਨ੍ਹਾਂ ਦੀਆਂ ਤਾਰ੍ਹਾਂ ਤੇ ਦਿਲ ਵੀ ਧੜਕਦੇ ਹਨ, ਅਸਲ ਵਿਚ ਪੁਲਸ ਅਤੇ ਜਨਤਾ ਵਿਚਕਾਰ ਵਿਸ਼ਵਾਸ ਦੀ ਕੜੀ ਬਣਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ

ਇਸ ਕਾਰਨਾਮੇ ਨੂੰ ਮਨੁੱਖਤਾ ਅਤੇ ਫਰਜ਼ ਦੀ ਡੂੰਘੀ ਉਦਾਹਰਣ ਮੰਨਿਆ ਜਾ ਰਿਹਾ ਹੈ। ਇਸ ਮਾਮਲੇ 'ਚ ਨਵਾਂ ਮੋੜ ਤਦ ਆਇਆ ਜਦੋਂ ਜ਼ਿਲਾ ਇੰਡਸਟਰੀ ਚੈਂਬਰ ਸੰਗਰੂਰ ਦੇ ਪ੍ਰਧਾਨ ਸਜੀਵ ਸੂਦ ਮਾਲੇਰਕੋਟਲਾ, ਸੀਨੀਅਰ ਵਾਈਸ ਚੇਅਰਮੈਨ ਘਣਸ਼ਿਆਮ ਕਾਂਸਲ, ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਸੁਮਿਤ ਬੰਦਲਿਸ਼, ਅਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਘੋਸ਼ਣਾ ਕੀਤੀ ਕਿ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਰਵਜਨਿਕ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀ ਬਹਾਦਰੀ ਦਾ ਇਨਾਮ ਹੋਵੇਗਾ, ਸਗੋਂ ਪੁਲਸ ਵਿਭਾਗ ਵਿੱਚ ਕੰਮ ਕਰ ਰਹੇ ਹੋਰ ਅਧਿਕਾਰੀਆਂ ਲਈ ਵੀ ਪ੍ਰੇਰਣਾ ਬਣੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਅਕਸਰ ਪੁਲਸ ਨੂੰ ਨਕਾਰਾਤਮਕ ਤਰੀਕੇ ਨਾਲ ਵੇਖਦੇ ਹਾਂ, ਪਰ ਅਜਿਹੇ ਅਫਸਰ ਸਾਡੀ ਧਾਰਨਾ ਨੂੰ ਬਦਲਣ ਤੇ ਮਜਬੂਰ ਕਰਦੇ ਹਨ।

ਡੀ.ਐੱਸ.ਪੀ. ਖਹਿਰਾ ਦੀ ਇਸ ਬਹਾਦਰੀ ਅਤੇ ਮਨੁੱਖਤਾ ਦੀ ਮਿਸਾਲ 'ਤੇ ਹਰ ਪਾਸੇ ਚਰਚੇ ਹੋ ਰਹੇ ਹਨ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿੱਚ ਲਿਪਤ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਜਿਹੇ ਬਹਾਦਰ ਅਤੇ ਇਮਾਨਦਾਰ ਪੁਲਸ ਅਧਿਕਾਰੀਆਂ ਦਾ ਸਨਮਾਨ ਕਰਨਾ ਵੀ ਬੇਹੱਦ ਜ਼ਰੂਰੀ ਹੈ। ਅਜਿਹੇ ਸਨਮਾਨਾਂ ਨਾਲ ਉਨ੍ਹਾਂ ਪੁਲਸ ਅਧਿਕਾਰੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ ਜੋ ਬਹਾਦਰੀ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਨ, ਅਤੇ ਇਹ ਦੂਜਿਆਂ ਨੂੰ ਵੀ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਪੰਜਾਬ ਸਰਕਾਰ ਨੂੰ ਡੀ.ਐੱਸ.ਪੀ. ਖਹਿਰਾ ਵਰਗੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਸਨਮਾਨ ਦੇਣਾ ਚਾਹੀਦਾ ਹੈ, ਤਾਂ ਜੋ ਪੁਲਸ ਫੋਰਸ ਵਿੱਚ ਸਕਾਰਾਤਮਕ ਸੰਦੇਸ਼ ਜਾਵੇ ਅਤੇ ਸਮਾਜ ਵਿੱਚ ਵਿਸ਼ਵਾਸ ਦਾ ਮਾਹੌਲ ਬਣੇ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੁਸ਼ਕਲ ਦੀ ਘੜੀ ਵਿੱਚ ਪੁਲਸ ਕਰਮਚਾਰੀ ਸਾਡੇ ਲਈ ਇੱਕ ਮਹੱਤਵਪੂਰਨ ਸਹਾਰਾ ਹਨ, ਅਤੇ ਉਨ੍ਹਾਂ ਦਾ ਯੋਗਦਾਨ ਸਲਾਹੁਣਯੋਗ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News