ਰਾਮਨੌਮੀ ਦੇ ਦਿਨ ਪੂਜਾ ਦੌਰਾਨ ਹੋਏ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 35 ਹੋਈ
Friday, Mar 31, 2023 - 10:33 AM (IST)
ਇੰਦੌਰ (ਵਾਰਤਾ)- ਮੱਧ ਪ੍ਰਦੇਸ਼ ਦੇ ਇੰਦੌਰ ਦੇ ਬੇਲੇਸ਼ਵਰ ਮੰਦਰ ਕੰਪਲੈਕਸ 'ਚ ਰਾਮਨੌਮੀ ਦੇ ਦਿਨ ਬਾਵੜੀ ਦੀ ਛੱਤ ਡਿੱਗਣ ਨਾਲ ਹੋਏ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਰਾਹਤ ਅਤੇ ਬਚਾਅ ਕੰਮ ਸ਼ੁੱਕਰਵਾਰ ਸਵੇਰੇ ਵੀ ਜਾਰੀ ਹੈ। ਇਸ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਭੋਪਾਲ ਤੋਂ ਇੰਦੌਰ ਪਹੁੰਚੇ। ਉਹ ਇੱਥੇ ਹਾਦਸੇ ਵਾਲੀ ਜਗ੍ਹਾ ਵੀ ਜਾਣਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ। ਉਹ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਹਸਪਤਾਲ ਵੀ ਜਾਣਗੇ। ਘੱਟੋ-ਘੱਟ ਇਕ ਦਰਜਨ ਜ਼ਖ਼ਮੀ ਹਸਪਤਾਲ 'ਚ ਦਾਖ਼ਲ ਹਨ। ਅਧਿਕਾਰਤ ਸੂਤਰਾਂ ਅਨੁਸਾਰ ਵੀਰਵਾਰ ਦੇਰ ਰਾਤ ਤੱਕ 13 ਲੋਕਾਂ ਦੀਆਂ ਲਾਸ਼ਾਂ ਖੂਹ 'ਚੋਂ ਕੱਢੀਆਂ ਗਈਆਂ ਸਨ। ਰਾਤ ਭਰ ਅਤੇ ਸਵੇਰ ਤੱਕ ਚੱਲੇ ਰਾਹਤ ਅਤੇ ਬਚਾਅ ਕੰਮ 'ਚ ਲਾਸ਼ਾਂ ਦੀ ਗਿਣਤੀ 35 ਹੋ ਗਈ।
ਮ੍ਰਿਤਕਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਜੇ ਕੁਝ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ ਅਤੇ ਬਾਵੜੀ (ਪੁਰਾਣਾ ਖੂਹ) ਦਾ ਪਾਣੀ ਖਾਲੀ ਕਰਨ ਦੇ ਨਾਲ ਹੀ ਰਾਹਤ ਅਤੇ ਬਚਾਅ ਕੰਮ ਕੀਤਾ ਜਾ ਰਿਹਾ ਹੈ। ਰਾਮਨੌਮੀ ਮੌਕੇ ਇਕ ਨਿੱਜੀ ਕਾਲੋਨੀ 'ਚ ਸਥਿਤ ਬੇਲੇਸ਼ਵਰ ਮਹਾਦੇਵ ਮੰਦਰ 'ਚ ਪੂਜਾ ਕੀਤੀ ਜਾ ਰਹੀ ਸੀ। ਮੰਦਰ ਕੰਪਲੈਕਸ 'ਚ ਪੁਰਾਣੀ ਬਾਵੜੀ ਸੀ। ਇਸ ਨੂੰ ਛੱਤ ਬਣਾ ਕੇ ਢੱਕ ਦਿੱਤਾ ਗਿਆ ਸੀ। ਇਸ 'ਤੇ ਸ਼ਰਧਾਲੂ ਤੁਰਦੇ ਸਨ। ਵੀਰਵਾਰ ਨੂੰ ਪੂਜਾ ਦੌਰਾਨ ਕਈ ਲੋਕ ਇਸ 'ਤੇ ਖੜ੍ਹੇ ਸਨ। ਉਦੋਂ ਇਹ ਛੱਤ ਦਿਨੇ ਲਗਭਗ 12 ਵਜੇ ਬਾਵੜੀ 'ਚ ਡਿੱਗ ਗਈ। ਇਸ ਤੋਂ ਬਾਅਦ ਹਾਦਸੇ ਵਾਲੀ ਜਗ੍ਹਾ ਭੱਜ-ਦੌੜ ਪੈ ਗਈ। ਦੁਪਹਿਰ 'ਚ ਹੀ ਰੱਸੀਆਂ ਆਦਿ ਦੀ ਮਦਦ ਨਾਲ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤੇ ਗਏ ਸਨ। ਮੁੱਖ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।