ਅਮਰੀਕਾ 'ਚ ਸੜਕ ਦੁਰਘਟਨਾ ਦੌਰਾਨ ਭਾਰਤੀ ਟਰੱਕ ਡਰਾਈਵਰ ਦੀ ਮੌਤ
Friday, Jul 27, 2018 - 02:20 PM (IST)

ਨਿਊਯਾਰਕ,(ਰਾਜ ਗੋਗਨਾ )—ਬੀਤੀ ਰਾਤ ਅਮਰੀਕਾ ਦੇ ਹਾਈਵੇਅ 1-40 'ਤੇ ਰਾਤ ਦੇ ਤਕਰੀਬਨ 3 ਵਜੇ ਦੋ ਟਰੱਕਾਂ ਦੀ ਟੱਕਰ ਹੋ ਜਾਣ ਕਾਰਨ ਇਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਵਜੋਂ ਕੀਤੀ ਗਈ। ਜਤਿੰਦਰ ਜੰਮੂ ਜ਼ਿਲੇ ਦੇ ਪਿੰਡ ਭਵ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ 'ਚ ਟਰੱਕ ਚਲਾਉਂਦਾ ਸੀ। ਹਾਦਸੇ ਦਾ ਕਾਰਨ ਨੀਂਦ ਆ ਜਾਣਾ ਦੱਸਿਆ ਜਾ ਰਿਹਾ ਹੈ।
ਜਤਿੰਦਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਅਮਰੀਕਾ ਦੇ ਟਰੱਕ ਡਰਾਈਵਰ ਭਾਈਚਾਰੇ ਵਲੋਂ ਮਦਦ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ। ਇਸ ਬੁਰੀ ਖਬਰ ਨਾਲ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਵਿਦੇਸ਼ਾਂ 'ਚ ਵਧੇਰੇ ਕੰਪਨੀਆਂ ਭਾਰਤੀਆਂ ਨੂੰ ਬਿਨਾਂ ਇਨਸ਼ੋਰੈਂਸ ਦੇ ਟਰੱਕ ਚਲਾਉਣ ਦੀ ਇਜਾਜ਼ਤ ਦੇ ਦਿੰਦੀਆਂ ਹਨ ਕਿਉਂਕਿ ਇਨਸ਼ੋਰੈਂਸ ਕੰਪਨੀਆਂ ਡਰਾਈਵਰ ਦਾ ਤਜਰਬਾ ਮੰਗਦੀਆਂ ਹਨ ।