ਦਾਤੀ ਮਹਾਰਾਜ ''ਤੇ 3 ਕਰੋੜ ਦੀ ਠੱਗੀ ਦਾ ਦੋਸ਼, ਦਰਜ ਹੋਇਆ ਕੇਸ
Saturday, May 11, 2019 - 11:38 AM (IST)

ਨਵੀਂ ਦਿੱਲੀ— ਸ਼ਨੀਧਾਮ ਦੇ ਸੰਸਥਾਪਕ ਮਹੰਤ ਮਦਨਲਾਲ ਉਰਫ ਦਾਤੀ ਮਹਾਰਾਜ 'ਤੇ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਹੁਣ 3 ਕਰੋੜ ਰੁਪਏ ਦੀ ਧੋਖਾਧੜੀ ਅਤੇ ਠੱਗੀ ਦਾ ਦੋਸ਼ ਲੱਗਾ ਹੈ। ਆਰਥਿਕ ਕ੍ਰਾਈਮ ਬਰਾਂਚ ਨੇ 7 ਮਈ ਨੂੰ ਦਾਤੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਦੀ ਸ਼ਿਕਾਇਤ ਮੰਗੋਲਪੁਰੀ ਦੇ ਸਕ੍ਰੈਪ ਕਾਰੋਬਾਰੀ ਪਵਨ ਕੁਮਾਰ ਨੇ ਦਿੱਤੀ ਸੀ। ਪਵਨ ਨੇ ਦੱਸਿਆ ਕਿ ਉਸ ਦਾ ਬੇਟਾ ਬੀਮਾਰ ਰਹਿੰਦਾ ਸੀ। ਟੀ.ਵੀ. 'ਤੇ ਇਕ ਪ੍ਰੋਗਰਾਮ 'ਚ ਦਾਤੀ ਮਹਾਰਾਜ ਨੇ ਉਸੇ ਬੀਮਾਰੀ ਦੇ ਆਯੂਰਵੈਦਿਕ ਇਲਾਜ ਦਾ ਦਾਅਵਾ ਕੀਤਾ ਸੀ।
ਪਵਨ ਉਨ੍ਹਾਂ ਨੂੰ ਮਿਲਣ ਅਸੋਲਾ ਸਥਿਤ ਸ਼ਨੀਧਾਮ ਗਿਆ। ਦਾਤੀ ਦੇ ਖਾਸ ਅਭਿਸ਼ੇਕ ਅਗਰਵਾਲ ਰਾਹੀਂ ਉਸ ਦੀ ਦਾਤੀ ਨਾਲ ਮੁਲਾਕਾਤ ਹੋਈ। ਦਾਤੀ ਨੇ ਬੇਟੇ ਲਈ ਦਵਾਈਆਂ ਦਿੱਤੀਆਂ। ਇਸੇ ਦੌਰਾਨ ਅਭਿਸ਼ੇਕ ਅਤੇ ਉਸ ਦੇ ਸਹਿਯੋਗੀ ਅਜੇ ਭਾਰਤੀ ਨੇ ਪਵਨ ਤੋਂ 3 ਕਰੋੜ ਉਧਾਰ ਮੰਗੇ। ਦਾਤੀ ਦੇ ਗਾਰੰਟੀ ਲੈਣ 'ਤੇ ਪੈਸੇ ਦੇ ਦਿੱਤੇ। ਬਾਅਦ 'ਚ ਉਹ ਲੋਕ ਪੈਸੇ ਵਾਪਸ ਕਰਨ 'ਚ ਬਹਾਨੇਬਾਜ਼ੀ ਕਰਨ ਲੱਗੇ। ਪੁਲਸ ਅਨੁਸਾਰ ਕਰੀਬ 34 ਲੋਕਾਂ ਨੇ ਦਾਤੀ ਮਹਾਰਾਜ, ਸਹਿਯੋਗੀਆਂ 'ਤੇ ਕਰੀਬ 150 ਕਰੋੜ ਦੀ ਠੱਗੀ ਦਾ ਦੋਸ਼ ਲਗਾਇਆ ਹੈ।