ਦੇਸ਼ ''ਚ ਕੋਰੋਨਾ ਦੇ 18,522 ਨਵੇਂ ਮਾਮਲੇ, 3 ਲੱਖ ਤੋਂ ਵਧੇਰੇ ਲੋਕ ਹੋਏ ਠੀਕ

6/30/2020 10:40:25 AM

ਨਵੀਂ ਦਿੱਲੀ (ਵਾਰਤਾ)— ਦੇਸ਼ ਵਿਚ ਕੋਰੋਨਾ ਵਾਇਰਸ ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ ਵਿਚ ਵਾਇਰਸ ਦੇ 18,522 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੀੜਤਾਂ ਦਾ ਅੰਕੜਾ 5.66 ਲੱਖ ਦੇ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲਾ ਵਲੋਂ ਮੰਗਲਵਾਰ ਭਾਵ ਅੱਜ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ 18,522 ਨਵੇਂ ਮਾਮਲਿਆਂ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 5,66,840 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਕੋਰੋਨਾ ਨਾਲ 418 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16,893 ਤੱਕ ਪੁੱਜ ਗਈ ਹੈ। ਦੂਜੇ ਪਾਸੇ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ ਅਤੇ ਇਸ ਸਮੇਂ ਦੌਰਾਨ 13,099 ਰੋਗੀ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 3,34,822 ਮਰੀਜ਼ ਰੋਗ ਮੁਕਤ ਹੋ ਚੁੱਕੇ ਹਨ। ਫਿਲਹਾਲ ਦੇਸ਼ ਵਿਚ ਅਜੇ ਕੋਰੋਨਾ ਵਾਇਰਸ ਦੇ 2,15,125 ਸਰਗਰਮ ਮਾਮਲੇ ਹਨ। 

PunjabKesari
ਕੋਰੋਨਾ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਸੂਬੇ 'ਚ ਪਿਛਲੇ 24 ਘੰਟਿਆਂ ਵਿਚ ਵਾਇਰਸ ਦੇ 5,257 ਮਾਮਲੇ ਦਰਜ ਕੀਤੇ ਗਏ ਹਨ ਅਤੇ 181 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸੂਬੇ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 1,69,883 ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 7,610 ਹੋ ਗਈ ਹੈ। ਸੂਬੇ ਵਿਚ 88,960 ਲੋਕ ਵਾਇਰਸ ਤੋਂ ਮੁਕਤ ਹੋਏ ਹਨ। ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਮਹਾਮਾਰੀ ਨੇ ਕਹਿਰ ਵਰ੍ਹਾਇਆ ਹੋਇਆ ਹੈ। ਦਿੱਲੀ ਵਿਚ ਵਾਇਰਸ ਅਤੇ ਮੌਤਾਂ ਦੇ ਲਗਾਤਾਰ ਵੱਧਦੇ ਅੰਕੜਿਆਂ ਨਾਲ ਹੁਣ ਇਹ ਦੇਸ਼ 'ਚ ਦੂਜੇ ਨੰਬਰ 'ਤੇ ਆ ਗਿਆ ਹੈ। ਪਿਛਲੇ 24 ਘੰਟਿਆਂ ਵਿਚ 2,084 ਨਵੇਂ ਮਾਮਲੇ ਆਉਣ ਨਾਲ ਦਿੱਲੀ ਵਿਚ ਪੀੜਤਾਂ ਦਾ ਅੰਕੜਾ 85,161 ਤੱਕ ਪਹੁੰਚ ਗਿਆ। ਇਸ ਤਰ੍ਹਾਂ 24 ਘੰਟਿਆਂ ਵਿਚ 57 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2,680 ਹੋ ਗਈ ਹੈ। ਰਾਜਧਾਨੀ ਵਿਚ 56,235 ਮਰੀਜ਼ ਰੋਗ ਮੁਕਤ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu