ਅਜੇ ਪੂਰੇ ਦੇਸ਼ ’ਚ ਸਿਰਫ 46 ਫੀਸਦੀ ਪੇਂਡੂ ਆਬਾਦੀ ਤਕ ਪੁੱਜਾ ਪਾਣੀ
Wednesday, Feb 09, 2022 - 10:35 AM (IST)
ਨੈਸ਼ਨਲ ਡੈਸਕ- ਕੇਂਦਰ ਸਰਕਾਰ ਜਲ ਜੀਵਨ ਮਿਸ਼ਨ ਅਧੀਨ 2024 ਤਕ ਹਰ ਘਰ ’ਚ ਟੂਟੀਆਂ ਰਾਹੀਂ ਪਾਣੀ ਪਹੁੰਚਾਉਣ ਦਾ ਦਾਅਵਾ ਕਰ ਰਹੀ ਹੈ ਪਰ ਦੇਸ਼ ’ਚ ਅਜੇ ਤਕ ਸਿਰਫ 46 ਫੀਸਦੀ ਪੇਂਡੂ ਆਬਾਦੀ ਤਕ ਹੀ ਪਾਣੀ ਪੁੱਜਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸੂਬਾਈ ਸਰਕਾਰਾਂ ਵੰਡੀ ਹੋਈ ਰਕਮ ਵਿਚੋਂ ਸਿਰਫ 10 ਫੀਸਦੀ ਰਕਮ ਦੀ ਹੀ ਵਰਤੋਂ ਕਰ ਰਹੀਆਂ ਹਨ ਜਦੋਂਕਿ ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ’ਚ ਸਭ ਤੋਂ ਵੱਧ ਆਬਾਦੀ ਪਾਣੀ ਦੇ ਕੁਨੈਕਸ਼ਨ ਤੋਂ ਵਾਂਝੀ ਹੈ।
ਸਬੰਧਤ ਵਿਭਾਗ ਦੇ ਮੰਤਰੀ ਵਲੋਂ ਦਿੱਤੇ ਗਏ ਅੰਕੜਿਆਂ ਮੁਤਾਬਿਕ ਕੇਂਦਰ ਸ਼ਾਸਿਤ ਅੰਡੇਮਾਨ-ਨਿਕੋਬਾਰ, ਦਾਦਰਾ ਨਾਗਰ ਹਵੇਲੀ, ਪੁਡੂਚੇਰੀ, ਗੋਆ, ਤੇਲਾਂਗਾਨਾ ਅਤੇ ਹਰਿਆਣਾ ’ਚ 100 ਫੀਸਦੀ ਪੇਂਡੂ ਪਰਿਵਾਰਾਂ ਤਕ ਪਾਣੀ ਦਾ ਕੁਨੈਕਸ਼ਨ ਪਹੁੰਚਾ ਦਿੱਤਾ ਗਿਆ ਹੈ ਜਦੋਂ ਕਿ ਪੰਜਾਬ ’ਚ ਇਹ ਲਗਭਗ 99 ਫੀਸਦੀ ਹੈ। ਹਿਮਾਚਲ ’ਚ 92, ਗੁਜਰਾਤ ’ਚ 90, ਬਿਹਾਰ ’ਚ 89 ਅਤੇ ਸਿੱਕਮ ’ਚ 79 ਫੀਸਦੀ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ ਕੁਨੈਕਸ਼ਨ ਦਿੱਤੇ ਗਏ ਹਨ। 15 ਸੂਬਿਆਂ ’ਚ ਪਾਣੀ ਦੇ ਕੁਨੈਕਸ਼ਨ ਦੀ ਔਸਤ ਕੌਮੀ ਔਸਤ ਤੋਂ ਵੀ ਘੱਟ ਹੈ।
ਜਲ ਸ਼ਕਤੀ ਰਾਜ ਮੰਤਰੀ ਪ੍ਰਹਿਲਾਦ ਪਟੇਲ ਮੁਤਾਬਿਕ ਉੱਤਰ ਪ੍ਰਦੇਸ਼ ’ਚ ਸਿਰਫ 13.3 ਫੀਸਦੀ, ਛੱਤੀਸਗੜ੍ਹ ’ਚ 16.8 ਫੀਸਦੀ ਅਤੇ ਝਾਰਖੰਡ ’ਚ 18.2 ਫੀਸਦੀ ਪੇਂਡੂ ਪਰਿਵਾਰਾਂ ਤਕ ਹੀ ਪਾਣੀ ਦਾ ਕੁਨੈਕਸ਼ਨ ਪਹੁੰਚਿਆ ਹੈ। ਮੰਤਰੀ ਨੇ ਲੋਕ ਸਭਾ ’ਚ ਦੱਸਿਆ ਕਿ ਜਲ ਜੀਵਨ ਮਿਸ਼ਨ ਨੂੰ ਸੂਬਿਆਂ ਦੀ ਭਾਈਵਾਲੀ ਨਾਲ ਲਾਗੂ ਕੀਤਾ ਗਿਆ ਹੈ।
ਯੋਜਨਾ ਅਧੀਨ ਮਹਾਰਾਸ਼ਟਰ ਨੂੰ ਪਿਛਲੇ 3 ਸਾਲਾਂ ’ਚ ਕੁਲ 9741.3 ਕਰੋੜ ਰੁਪਏ ਵੰਡੇ ਗਏ ਜਿਨ੍ਹਾਂ ਵਿਚੋਂ ਸਿਰਫ 989.46 ਕਰੋੜ ਰੁਪਇਆਂ ਦੀ ਹੀ ਵਰਤੋਂ ਕੀਤੀ ਗਈ। 15 ਅਗਸਤ 2019 ਤਕ ਮਹਾਰਾਸ਼ਟਰ ’ਚ 142.36 ਲੱਖ ਪੇਂਡੂ ਪਰਿਵਾਰ ਸਨ ਜਿਨ੍ਹਾਂ 'ਚੋਂ 48.44 ਲੱਖ ਨੂੰ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਮਿਲਿਆ ਹੋਇਆ ਸੀ। ਇਸ ਪਿਛੋਂ ਸੂਬੇ ’ਚ ਪੇਂਡੂ ਪਰਿਵਾਰਾਂ ਦੀ ਗਿਣਤੀ ਵਧ ਕੇ 146.09 ਲੱਖ ਹੋ ਗਈ। 50.26 ਲੱਖ ਵਾਧੂ ਪਰਿਵਾਰਾਂ ਨੂੰ ਪਾਣੀ ਦੇ ਕੁਨੈਕਸ਼ਨ ਨਾਲ ਜੋੜਿਆ ਗਿਆ। ਇਸ ਤਰ੍ਹਾਂ ਸੂਬੇ ’ਚ ਕੁਲ 98.7 ਲੱਖ ਪਰਿਵਾਰਾਂ ਤਕ ਪਾਣੀ ਦਾ ਕੁਨੈਕਸ਼ਨ ਪਹੁੰਚਾ ਦਿੱਤਾ ਗਿਆ ਜੋ ਸੂਬੇ ਦੇ ਕੁਲ ਪੇਂਡੂ ਪਰਿਵਾਰਾਂ ਦਾ 67.56 ਫੀਸਦੀ ਹੈ।