ਲਾਕਡਾਊਨ ਤੋੜ ਰਾਜਸਥਾਨ ਪਹੁੰਚੇ ਲਾੜਾ-ਲਾੜੀ, ਜਾਂਚ 'ਚ ਮਿਲੇ ਕੋਰੋਨਾ ਪਾਜ਼ੀਟਿਵ
Sunday, Apr 26, 2020 - 11:31 AM (IST)
ਆਜ਼ਮਗੜ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲਾਕਡਾਊਨ ਲਾਗੂ ਹੈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਲਾਕਡਾਊਨ ਦੇ ਆਦੇਸ਼ਾਂ ਦਾ ਉਲੰਘਣ ਕਰ ਕੇ ਜਾਨ ਜ਼ੋਖਿਮ 'ਚ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾਕਡਾਊਨ ਦੇ ਬਾਵਜੂਦ ਇਕ ਨਵਾਂ ਵਿਆਹਿਆ ਜੋੜਾ ਵਿਆਹ ਤੋਂ ਬਾਅਦ ਰਾਜਸਥਾਨ ਪਹੁੰਚਿਆ, ਜਿੱਥੇ ਟੈਸਟ ਦੌਰਾਨ ਦੋਵੇਂ ਕੋਰੋਨਾ ਪਾਜ਼ੀਟਿਵ ਮਿਲਣ 'ਤੇ ਇਲਾਕੇ 'ਚ ਹਫੜਾ-ਦਫੜੀ ਮੱਚ ਗਈ ਹੈ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਆਜ਼ਮਗੜ ਤੋਂ ਲਾੜਾ-ਲਾੜੀ ਵਿਆਹ ਤੋਂ ਬਾਅਦ ਰਾਜਸਥਾਨ ਚਲੇ ਗਏ। ਇੱਥੇ ਜਦੋਂ ਇਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਦੋਵੇਂ ਕੋਰੋਨਾ ਪਾਜ਼ੀਟਿਵ ਪਾਏ ਗਏ, ਜਿਸ ਤੋਂ ਬਾਅਦ ਰਾਜਸਥਾਨ 'ਚ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਆਜ਼ਮਗੜ 'ਚ ਜਿੱਥੇ ਵਿਆਹ ਹੋਇਆ ਹੈ, ਉੱਥੇ ਹਫੜਾ-ਦਫੜੀ ਮਚੀ ਹੋਈ ਹੈ। ਪੁਲਸ ਮੁਤਾਬਕ ਇਹ ਮਾਮਲਾ ਆਜ਼ਮਗੜ ਦੇ ਛੱਤਰਪੁਰ ਪਿੰਡ ਦਾ ਹੈ। ਪੁਲਸ ਨੇ ਪੂਰੇ ਪਿੰਡ ਨੂੰ ਸੀਲ ਕਰਵਾ ਦਿੱਤਾ ਹੈ ਅਤੇ ਇਲਾਕੇ ਨੂੰ ਸੈਨੇਟਾਈਜ਼ ਕਰਵਾ ਰਹੀ ਹੈ। ਆਜ਼ਮਗੜ ਦੇ ਐੱਸ.ਪੀ. ਸਿਟੀ ਪੰਕਜ ਪਾਂਡੇ ਨੇ ਕਿਹਾ ਹੈ ਕਿ 14 ਅਪ੍ਰੈਲ ਨੂੰ ਛੱਤਰਪੁਰ ਪਿੰਡ ਤੋਂ ਲਾੜਾ-ਲਾੜੀ ਪਹਿਲਾ ਗਾਜੀਪੁਰ ਗਏ ਅਤੇ ਉੱਥੋ ਕਾਰ ਰਾਹੀਂ ਰਾਜਸਥਾਨ ਚਲੇ ਗਏ। ਲੜਕੀ ਛੱਤਰਪੁਰ ਪਿੰਡ ਦੀ ਰਹਿਣ ਵਾਲੀ ਹੈ। ਪੁਲਸ ਨੇ ਲੜਕੀ ਦੇ ਪਰਿਵਾਰ ਨੂੰ ਕੁਆਰੰਟੀਨ ਕਰ ਦਿੱਤਾ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਪਿੰਡ 'ਚ ਹਾਈਵੇਅ ਨਿਰਮਾਣ ਲਈ ਇਕ ਪਲਾਂਟ ਚੱਲ ਰਿਹਾ ਹੈ, ਜਿੱਥੋ ਆਜ਼ਮਗੜ-ਜੌਨਪੁਰ 'ਚ ਬਣਨ ਵਾਲੀ ਫੋਰਲੇਨ ਲਈ ਮਿੱਟੀ ਆਦਿ ਦੀ ਸਪਲਾਈ ਹੁੰਦੀ ਹੈ। ਲਾਕਡਾਊਨ ਦੇ ਕਾਰਨ ਇੱਥੇ ਕੰਮ ਬੰਦ ਸੀ ਪਰ ਸਰਕਾਰ ਦੁਆਰਾ ਕੰਸਟ੍ਰਕਸ਼ਨ ਦਾ ਕੰਮ ਚਾਲੂ ਕਰਨ ਦਾ ਆਦੇਸ਼ ਮਿਲਦੇ ਹੀ ਇੱਥੇ ਕੰਮ ਸ਼ੁਰੂ ਹੋ ਗਿਆ। ਹੁਣ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਹੈ ਕਿ ਇਸ ਤੋਂ ਪਿੰਡ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਹੈ।
ਦਰਅਸਲ ਆਜ਼ਮਗੜ ਤੋਂ ਜੋ ਲਾੜਾ-ਲਾੜੀ ਰਾਜਸਥਾਨ ਗਏ ਸੀ, ਉਹ ਇਸੇ ਪਲਾਂਟ ਦੇ ਕੋਲ ਰਹਿੰਦੇ ਸੀ। ਪਿੰਡ ਦੇ ਲੋਕਾਂ ਨੂੰ ਜਦੋਂ ਉਨ੍ਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਡਰ ਗਏ ਅਤੇ ਪਲਾਂਟ ਨੂੰ ਬੰਦ ਕਰਵਾਉਣ ਦੀ ਮੰਗ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ, ਉਸ ਇਲਾਕੇ ਨੂੰ ਪ੍ਰਸ਼ਾਸਨ ਦੁਆਰਾ ਸੀਲ ਕੀਤਾ ਗਿਆ ਫਿਰ ਲੋਕ ਕਿਵੇ ਇੱਥੇ ਆ ਕੇ ਕੰਮ ਕਰ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਆਦੇਸ਼ ਨਾਲ ਪਲਾਂਟ ਨੂੰ ਚਾਲੂ ਕੀਤਾ ਗਿਆ। ਇੱਥੇ ਪੂਰੀ ਤਰ੍ਹਾਂ ਨਾਲ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਦੁਆਰਾ ਮਾਸਕ ਲਾਏ ਜਾ ਰਹੇ ਹਨ।