ਚੀਨ ਤੋਂ ਪਰਤੇ ਭਾਰਤੀਆਂ ਨੂੰ ਨਹੀਂ ਹੈ ਕੋਰੋਨਾ ਵਾਇਰਸ, ਸਾਰੇ 645 ਲੋਕ ਸੁਰੱਖਿਅਤ

02/07/2020 9:36:50 AM

ਨਵੀਂ ਦਿੱਲੀ— ਚੀਨ 'ਚੋਂ ਭਾਰਤ ਵਾਪਸ ਲਿਆਂਦੇ ਗਏ ਸਾਰੇ 645 ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ, ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਅਤੇ ਹਰਿਆਣਾ ਦੇ ਦੋ ਵੱਖ-ਵੱਖ ਕੈਂਪਾਂ 'ਚ ਰਹਿ ਰਹੇ ਚੀਨ ਤੋਂ ਆਏ ਸਾਰੇ 645 ਭਾਰਤੀ ਸੁਰੱਖਿਅਤ ਹਨ। ਇਹ ਸਾਰੇ ਭਾਰਤੀ ਨਾਗਰਿਕ ਚੀਨ ਦੇ ਵੂਹਾਨ 'ਚ ਫਸੇ ਹੋਏ ਸਨ। ਭਾਰਤ ਸਰਕਾਰ ਦੀ ਪਹਿਲ 'ਤੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਦੋ ਫਰਵਰੀ ਦੀ ਸਵੇਰ ਵਿਸ਼ੇਸ਼ ਜਹਾਜ਼ ਦੇ ਜ਼ਰੀਏ ਦਿੱਲੀ ਲਿਆ ਕੇ ਕੈਂਪਾਂ 'ਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਵੂਹਾਨ ਹੀ ਚੀਨ ਦਾ ਉਹ ਸੂਬਾ ਹੈ, ਜਿੱਥੇ ਕੋਰੋਨਾ ਵਾਇਰਸ ਸਭ ਤੋਂ ਵਧੇਰੇ ਫੈਲਿਆ ਹੈ।

ਤੁਹਾਨੂੰ ਦੱਸ ਦਈਏ ਕਿ ਹੁਣ ਤਕ ਚੀਨ 'ਚ 636 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ 'ਚ ਬੀਤੇ ਦਿਨ 24 ਘੰਟਿਆਂ 'ਚ 70 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਨਾਗਰਿਕਾਂ ਨੂੰ ਚੀਨ ਯਾਤਰਾ ਕਰਨ ਤੋਂ ਰੋਕ ਦਿੱਤਾ ਹੈ।


Related News