ਕੋਰੋਨਾ ਤੋਂ ਜੰਗ ਹਾਰਿਆ 26/11 ਮੁੰਬਈ ਹਮਲੇ ਦਾ 'ਹੀਰੋ' ਆਜ਼ਮ ਪਟੇਲ

Thursday, Aug 06, 2020 - 12:17 PM (IST)

ਮੁੰਬਈ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਵੱਡੀ ਗਿਣਤੀ ਵਿਚ ਕੋਰੋਨਾ ਯੋਧੇ ਵੀ ਇਸ ਮਹਾਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਮਹਾਮਾਰੀ ਕਾਰਨ 'ਚ 26/11 ਮੁੰਬਈ ਹਮਲੇ ਦੌਰਾਨ ਜਿਸ ਇੰਸਪੈਕਟਰ ਨੇ ਮੁੰਬਈ ਵਿਚ ਦਰਜਨਾਂ ਲੋਕਾਂ ਦੀ ਜਾਨ ਬਚਾਈ ਸੀ, ਉਹ ਕੋਰੋਨਾ ਨਾਲ ਜੰਗ ਹਾਰ ਗਏ। 50 ਸਾਲ ਦੇ ਆਜ਼ਮ ਪਟੇਲ ਨੇ ਬੁੱਧਵਾਰ ਨੂੰ ਆਖਰੀ ਸਾਹ ਲਿਆ। ਆਜ਼ਮ ਪਟੇਲ ਦੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਸੀ ਅਤੇ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਚ ਸਕੀ। ਆਜ਼ਮ ਪਟੇਲ ਦੀ ਆਖਰੀ ਪੋਸਟਿੰਗ ਐੱਸ. ਆਈ. ਡੀ. ਵਿਚ ਸੀ।

26/11 ਅੱਤਵਾਦੀ ਹਮਲੇ ਕੇਸ ਦੇ ਮੁੱਖ ਜਾਂਚ ਅਧਿਕਾਰੀ ਰਮੇਸ਼ ਮਹਾਲੇ ਨੇ ਦੱਸਿਆ ਕਿ ਆਜ਼ਮ ਪਟੇਲ ਨੇ ਉਨ੍ਹਾਂ ਨਾਲ ਲੰਬੇ ਸਮੇਂ ਤੱਕ ਕੰਮ ਕੀਤਾ। ਉਸ ਕਾਲੀ ਰਾਤ ਨੂੰ ਬਿਆਨ ਕਰਦਿਆਂ ਉਨ੍ਹਾਂ ਦੱਸਿਆ ਇਕ ਅਬੂ ਇਸਮਾਈਲ ਅਤੇ ਅਜਮਲ ਕਸਾਬ ਕਾਮਾ ਹਸਪਤਾਲ ਨੇੜੇ ਹੇਮੰਤ ਕਰਕਰੇ, ਵਿਜੇ ਸਾਲਸਕਰ, ਅਸ਼ੋਕ ਕਾਮਟੇ, ਅਰੁਣ ਜਾਧਵ ਅਤੇ ਹੋਰ ਪੁਲਸ ਮੁਲਾਜ਼ਮਾਂ 'ਤੇ ਗੋਲੀਬਾਰੀ ਕਰ ਕੇ ਮੈਟਰੋ ਸਿਨੇਮਾ ਨੇੜਿਓਂ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋਏ ਨਿਕਲ ਰਹੇ ਸਨ, ਤਾਂ ਆਜ਼ਮ ਪਟੇਲ ਮੈਟਰੋ ਸਿਨੇਮਾ ਕੋਲ ਹੀ ਸਨ। ਆਜ਼ਮ ਨੇ ਉੱਥੇ ਮੌਜੂਦ ਲੋਕਾਂ ਨੂੰ ਜ਼ੋਰ-ਜ਼ੋਰ ਨਾਲ ਚੀਕ ਕੇ ਬੋਲਿਆ ਸੀ ਕਿ ਲੇਟ ਜਾਓ, ਲੇਟ ਜਾਓ, ਨਹੀਂ ਤਾਂ ਕੋਈ ਨਹੀਂ ਬਚੇਗਾ। ਇਸ ਤਰ੍ਹਾਂ ਸਹੀ ਸਮੇਂ 'ਤੇ ਜਨਤਾ ਨੂੰ ਅਲਰਟ ਕਰ ਕੇ ਉਨ੍ਹਾਂ ਨੇ ਦਰਜਨਾਂ ਲੋਕਾਂ ਦੀ ਉਸ ਦਿਨ ਜਾਨ ਬਚਾਈ ਸੀ।

ਓਧਰ ਮਹਾਰਾਸ਼ਟਰ ਏ. ਟੀ. ਐੱਸ. ਚੀਫ਼ ਦੇਵੇਨ ਭਾਰਤੀ ਨੇ ਦੱਸਿਆ ਕਿ ਆਜ਼ਮ ਪਟੇਲ ਦਾ ਅੰਡਰਵਲਰਡ ਦਾ ਨੈੱਟਵਰਕ ਬਹੁਤ ਜ਼ਬਰਦਸਤ ਸੀ। ਭਾਰਤੀ ਮੁਤਾਬਕ ਦਾਊਦ ਦੇ ਭਰਾ ਇਕਬਾਲ ਕਾਸਕਰ ਮੈਟਰੋ ਸਿਨੇਮਾ ਨੇੜੇ ਇਕ ਦਰਗਾਹ 'ਚ ਹਫ਼ਤੇ 'ਚ ਇਕ ਖਾਸ ਦਿਨ ਜ਼ਰੂਰ ਆਉਂਦਾ ਸੀ। ਆਜ਼ਮ ਪਟੇਲ ਨੂੰ ਇਸ ਦੀ ਸੂਚਨਾ ਮਿਲੀ ਕਿ ਇਸ ਦੌਰਾਨ ਇਕਬਾਲ ਦਾ ਕਤਲ ਕੀਤੇ ਜਾਣ ਦੀ ਸੁਪਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਭਾਰਤੀ ਨਾਲ ਇਸ ਸੂਚਨਾ ਨੂੰ ਸਾਂਝਾ ਕੀਤਾ ਸੀ। ਉਨ੍ਹਾਂ ਦਿਨੀਂ ਭਾਰਤੀ ਕ੍ਰਾਈਮ ਬਰਾਂਚ ਵਿਚ ਐਡੀਸ਼ਨਲ ਸੀ. ਪੀ. ਸਨ। ਇਸ ਤੋਂ ਬਾਅਦ ਇਕਬਾਲ ਕਾਸਕਰ ਨੂੰ ਅਲਰਟ ਕੀਤਾ ਗਿਆ ਅਤੇ ਉਸ ਦੀ ਜ਼ਿੰਦਗੀ ਬਚਾਈ ਗਈ। ਦੱਸ ਦੇਈਏ ਕਿ ਆਜ਼ਮ ਪਟੇਲ ਲੰਬੇ ਸਮੇਂ ਤੱਕ ਐੱਨ. ਆਈ. ਏ. 'ਚ ਵੀ ਰਹੇ। ਉਹ ਬਹੁਤ ਚੰਗੇ ਕ੍ਰਿਕਟਰ ਵੀ ਰਹੇ ਸਨ। ਮਹਾਰਾਸ਼ਟਰ ਏ. ਟੀ. ਐੱਸ. ਚੀਫ਼ ਦੇਵੇਨ ਭਾਰਤੀ ਨੇ ਕਿਹਾ ਕਿ ਮਹਾਰਾਸ਼ਟਰ ਪੁਲਸ ਨੇ ਇਕ ਬਹੁਤ ਚੰਗਾ ਅਧਿਕਾਰੀ ਗੁਆ ਦਿੱਤਾ।


Tanu

Content Editor

Related News