1 ਮਾਰਚ ਤੋਂ ਸਰਕਾਰੀ ਹਸਪਤਾਲਾਂ ''ਚ ਮੁਫ਼ਤ ਲੱਗੇਗਾ ਕੋਰੋਨਾ ਟੀਕਾ
Wednesday, Feb 24, 2021 - 04:03 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਦੇਸ਼ 'ਚ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੁਣ ਆਪਣੇ ਅਗਲੇ ਪੜਾਅ 'ਚ ਪਹੁੰਚ ਗਈ ਹੈ। ਸਿਹਤ ਕਰਮੀਆਂ ਅਤੇ ਫਰੰਟ ਲਾਈਨ ਵਰਕਰਾਂ ਤੋਂ ਬਾਅਦ ਹੁਣ ਦੇਸ਼ ਦੀ ਆਮ ਜਨਤਾ ਨੂੰ ਵੀ ਕੋਵਿਡ-19 ਵੈਕਸੀਨ ਦੀ ਡੋਜ਼ ਦੇਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਇਕ ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਦੇ 10 ਕਰੋੜ ਤੋਂ ਵੱਧ ਲੋਕਾਂ ਅਤੇ 45 ਸਾਲ ਤੋਂ ਵੱਧ ਲੋਕਾਂ ਦੇ ਲੋਕ ਜਿਨ੍ਹਾਂ ਨੂੰ ਕੋਈ ਦੂਜੀ ਬੀਮਾਰੀ ਹੈ, ਉਨ੍ਹਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।
ਜਾਵਡੇਕਰ ਨੇ ਅੱਗੇ ਕਿਹਾ,''ਦੇਸ਼ ਦੀ ਬਜ਼ੁਰਗ ਅਤੇ ਬੀਮਾਰ ਜਨਤਾ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਦੇਣ ਲਈ 10 ਹਜ਼ਾਰ ਸਰਕਾਰੀ ਕੇਂਦਰਾਂ 'ਤੇ ਅਤੇ ਲਗਭਗ 20 ਹਜ਼ਾਰ ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਇਸ ਕੰਮ 'ਚ ਤਾਇਨਾਤ ਕੀਤਾ ਜਾਵੇਗਾ। ਜੋ 10 ਹਜ਼ਾਰ ਸਰਕਾਰੀ ਕੇਂਦਰਾਂ 'ਤੇ ਜਾ ਕੇ ਟੀਕਾ ਲਗਵਾਉਣਗੇ, ਉਨ੍ਹਾਂ ਨੂੰ ਮੁਫ਼ਤ ਟੀਕਾ ਲੱਗੇਗਾ ਅਤੇ ਜੋ ਨਿੱਜੀ ਹਸਪਤਾਲ 'ਚ ਲਗਵਾਉਣਗੇ ਉਨ੍ਹਾਂ ਨੂੰ ਫ਼ੀਸ ਦੇਣੀ ਹੋਵੇਗੀ। ਫ਼ੀਸ ਕਿੰਨੀ ਹੋਵੇਗੀ, ਇਸ ਬਾਰੇ ਸਿਹਤ ਵਿਭਾਗ 2-3 ਦਿਨਾਂ 'ਚ ਐਲਾਨ ਕਰੇਗਾ।'' ਦੱਸਣਯੋਗ ਹੈ ਕਿ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਸਮੇਤ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਇਕ ਵਾਰ ਫਿਰ ਵੱਧਣ ਲੱਗਾ ਹੈ। ਲਗਾਤਾਰ ਨਵੇਂ ਇਨਫੈਕਸ਼ਨਾਂ ਦੀ ਗਿਣਤੀ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਉੱਥੇ ਹੀ ਹੁਣ ਤੱਕ ਦੇਸ਼ ਭਰ 'ਚ 1.14 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।
ਨੋਟ : ਸਰਕਾਰ ਦੇ ਕੋਰੋਨਾ ਵੈਕਸੀਨ ਨੂੰ ਲੈ ਕੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ