''ਭਾਰਤ ਜੋੜੋ ਯਾਤਰਾ'' ਦਾ ਇਕ ਸਾਲ ਪੂਰਾ ਹੋਣ ''ਤੇ 7 ਸਤੰਬਰ ਨੂੰ ਹਰ ਜ਼ਿਲ੍ਹੇ ''ਚ ਯਾਤਰਾ ਕੱਢੇਗੀ ਕਾਂਗਰਸ
Sunday, Sep 03, 2023 - 08:54 PM (IST)
ਨਵੀਂ ਦਿੱਲੀ- ਕਾਂਗਰਸ ਨੇ ਰਾਹੁਲ ਗਾਂਧੀ ਦੀ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਕੱਢੀ ਗਈ 'ਭਾਰਤ ਜੋੜੋ ਯਾਤਰਾ' ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ਦੇਸ਼ ਭਰ ਦੇ ਹਰ ਜ਼ਿਲ੍ਹੇ 'ਚ ਭਾਰਤ ਜੋੜੋ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਇਸ ਲਈ ਕਈ ਥਾਵਾਂ 'ਤੇ ਆਯੋਜਨ ਕਰਨ ਦੀ ਵੀ ਯੋਜਨਾ ਬਣਾਈ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੇ ਸਾਲ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਯਾਤਰਾ ਸ਼ੁਰੂ ਕੀਤੀ ਸੀ। 145 ਦਿਨਾਂ ਤਕ ਚੱਲੀ 4000 ਕਿਲੋਮੀਟਰ ਲੰਬੀ ਇਹ ਯਾਤਰਾ 30 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸਮਾਪਤ ਹੋਈ ਸੀ। ਸੂਤਰਾਂ ਮੁਤਾਬਕ, ਯਾਤਰਾ ਨੂੰ ਲੈ ਕੇ ਕਾਂਗਰਸ 'ਚ ਚਰਚਾਵਾਂ ਤੇਜ਼ ਹਨ ਕਿ ਇਸਦੀ ਵਿਸਤ੍ਰਿਤ ਜਾਣਕਾਰੀ ਜਲਦੀ ਹੀ ਜ਼ਿਲ੍ਹਾ ਕਮੇਟੀਆਂ ਨੂੰ ਭੇਜੀ ਜਾਵੇਗੀ।
ਜ਼ਿਕਰਯੋਗ ਹੈ ਕਿ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ 12 ਜਨਤਕ ਸਭਾਵਾਂ ਨੂੰ ਸੰਬੋਧਨ ਕੀਤਾ ਸੀ, ਉਥੇ ਹੀ 100 ਤੋਂ ਜ਼ਿਆਦਾ ਬੈਠਕਾਂ ਅਤੇ 13 ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ ਸੀ। ਉਨ੍ਹਾਂ ਚਲਦੇ ਹੋਏ 275 ਤੋਂ ਜ਼ਿਆਦਾ ਚਰਚਾਵਾਂ 'ਚ ਹਿੱਸਾ ਲਿਆ ਜਦਕਿ ਕਿਤੇ ਰੁਕ ਕੇ 100 ਦੇ ਕਰੀਬ ਚਰਚਾਵਾਂ ਕੀਤੀਆਂ।
ਕਈ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਜੋੜੋ ਯਾਤਰਾ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਅਕਸ ਬਦਲਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਖਾਸ ਤੌਰ 'ਤੇ ਵਿਰੋਧੀ ਧਿਰ ਲਈ ਸਿਆਸਤ 'ਚ ਇਕ ਲਚਕਦਾਰ ਅਤੇ ਪਾਰਟ-ਟਾਈਮ ਨੇਤਾ ਦੀ ਬਜਾਏ ਇਕ ਪਰਿਪੱਕ ਅਤੇ ਗੰਭੀਰ ਨੇਤਾ ਦਾ ਅਕਸ ਬਣਾਉਣ ਦੇ ਮਾਮਲੇ 'ਚ।