ਕਾਂਗਰਸ ਨੇਤਾ ਨੇ IB ਮਹਿਲਾ ਅਧਿਕਾਰੀ ਦੀ ਕੁਰਸੀ ਖਿੱਚੀ, ਕਿਹਾ- ਤੂੰ ਇਸ ''ਤੇ ਬੈਠਣ ਦੇ ਯੋਗ ਨਹੀਂ

Monday, Aug 05, 2024 - 10:10 AM (IST)

ਅਹਿਮਦਾਬਾਦ- ਗੁਜਰਾਤ ਕਾਂਗਰਸ ਦੇ ਇਕ ਨੇਤਾ ’ਤੇ ਸ਼ਨੀਵਾਰ ਨੂੰ ਕੱਛ ਜ਼ਿਲ੍ਹੇ ਦੇ ਭੁਜ ’ਚ ਇਕ ਪਾਰਟੀ ਵਿਧਾਇਕ ਦੀ ਪ੍ਰੈੱਸ ਕਾਨਫਰੰਸ ’ਚ ਇਕ ਅਨੁਸੂਚਿਤ ਜਾਤੀ ਦੀ ਮਹਿਲਾ ਸਟੇਟ ਇੰਟੈਲੀਜੈਂਸ ਬਿਊਰੋ ਅਧਿਕਾਰੀ ਦੀ ਕੁਰਸੀ ਖਿੱਚ ਕੇ ਉਨ੍ਹਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੇ ਸਬ-ਇੰਸਪੈਕਟਰ ਏ. ਆਰ. ਜੰਕਟ ਨੇ ਕਿਹਾ ਕਿ ਮਹਿਲਾ ਸਹਾਇਕ ਖੁਫੀਆ ਅਧਿਕਾਰੀ ਪ੍ਰੈੱਸ ਕਾਨਫਰੰਸ ’ਚ ਸਰਕਾਰੀ ਡਿਊਟੀ ’ਤੇ ਸਨ। ਉਨ੍ਹਾਂ ਦੇ ਖੜ੍ਹੇ ਹੋਣ ਤੋਂ ਬਾਅਦ ਕਾਂਗਰਸ ਨੇਤਾ ਹਰੇਸ਼ ਅਹੀਰ ਨੇ ਉਨ੍ਹਾਂ ਦੇ ਹੇਠੋਂ ਕੁਰਸੀ ਖਿੱਚ ਲਈ। ਇਸ ਦੌਰਾਨ ਅਧਿਕਾਰੀ ਕੁਰਸੀ ’ਤੇ ਬੈਠਦੇ ਸਮੇਂ ਹੇਠਾਂ ਡਿੱਗ ਗਈ ਅਤੇ ਜ਼ਖ਼ਮੀ ਹੋ ਗਈ।

 

ਹਰੇਸ਼ ਅਹੀਰ ਕਾਂਗਰਸ ਕਿਸਾਨ ਸੈੱਲ ਦੇ ਕੋਆਰਡੀਨੇਟਰ ਹਨ ਅਤੇ ਭੁਜ ਦੇ ਸਰਕਿਟ ਹਾਊਸ ’ਚ ਕਾਂਗਰਸ ਵਿਧਾਇਕ ਜਿਗਨੇਸ਼ ਮੇਵਾਣੀ ਵੱਲੋਂ ਆਯੋਜਿਤ ਇਕ ਪ੍ਰੈੱਸ ਕਾਨਫਰੰਸ ’ਚ ਮੌਜੂਦ ਸਨ। ਭੁਜ ਦੇ ਉਮੇਦ ਭਵਨ ’ਚ ਸ਼ਨੀਵਾਰ ਨੂੰ ਵਿਧਾਇਕ ਜਿਗਨੇਸ਼ ਮੇਵਾਣੀ ਦੀ ਪ੍ਰੈੱਸ ਕਾਨਫਰੰਸ ਹੋਣ ਵਾਲੀ ਸੀ। ਇਸ ’ਚ ਆਈ. ਬੀ. ਦੀ ਮਹਿਲਾ ਅਧਿਕਾਰੀ ਵੀ ਡਿਊਟੀ ’ਤੇ ਤਾਇਨਾਤ ਸਨ। ਕਾਨਫਰੰਸ ਸ਼ੁਰੂ ਹੁੰਦਿਆਂ ਹੀ ਮਹਿਲਾ ਅਧਿਕਾਰੀ ਕੁਰਸੀ ’ਤੇ ਬੈਠਣ ਵਾਲੀ ਸੀ, ਉਦੋਂ ਕਿਸਾਨ ਕਾਂਗਰਸ ਨੇਤਾ ਹਰੇਸ਼ ਅਹੀਰ ਨੇ ਪਿੱਛੋਂ ਉਨ੍ਹਾਂ ਦੀ ਕੁਰਸੀ ਖਿੱਚ ਲਈ, ਜਿਸ ਕਾਰਨ ਮਹਿਲਾ ਅਧਿਕਾਰੀ ਜ਼ਮੀਨ ’ਤੇ ਡਿੱਗ ਕੇ ਜ਼ਖ਼ਮੀ ਹੋ ਗਈ। 

ਇੰਨਾ ਹੀ ਨਹੀਂ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਹਰੇਸ਼ ਅਹੀਰ ਨੇ ਪੀੜਤ ਅਧਿਕਾਰੀ ਨੂੰ ਕਿਹਾ ਕਿ ਤੂੰ ਇਸ ਕੁਰਸੀ ’ਤੇ ਬੈਠਣ ਦੇ ਲਾਇਕ ਨਹੀਂ ਹੈਂ। ਇਸ ਘਟਨਾ ਨਾਲ ਉੱਥੇ ਮੌਜੂਦ ਸਾਰੇ ਲੋਕ ਹੱਕੇ-ਬੱਕੇ ਰਹਿ ਗਏ। ਨਾਰਾਜ਼ ਮਹਿਲਾ ਨੇ ਬਾਅਦ ’ਚ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਪ੍ਰੋਗਰਾਮ ਛੱਡ ਕੇ ਚੱਲੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਨੇਤਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ। ਦੱਸਣਯੋਗ ਹੈ ਕਿ ਕਾਂਗਰਸ ਨੇਤਾ ਹਰੇਸ਼ ਅਹੀਰ ਆਦਾਕਾਰ ਤੋਂ ਸੰਸਦ ਮੈਂਬਰ ਬਣੀ ਕੰਗਣਾ ਰਾਣੌਤ ਦੇ ਖਿਲਾਫ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਵੀ ਵਿਵਾਦਾਂ ’ਚ ਆ ਚੁੱਕੇ ਹਨ।


Tanu

Content Editor

Related News