ਗੋਵਿੰਦਾ ਨੇ ਕੀਤਾ ਵੱਡਾ ਖੁਲਾਸਾ! 90 ਦੇ ਦਹਾਕੇ ਦੀ ਇਸ ਅਦਾਕਾਰ ''ਤੇ ਆਇਆ ਸੀ ਦਿਲ, ਕਿਹਾ...
Thursday, Mar 05, 2026 - 02:10 PM (IST)
ਮੁੰਬਈ - 90 ਦੇ ਦਹਾਕੇ ਦੇ ਸੁਪਰਸਟਾਰ ਗੋਵਿੰਦਾ ਅੱਜਕੱਲ੍ਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਗੋਵਿੰਦਾ ਨੇ ਆਪਣੀ ਕੋ-ਸਟਾਰ ਰਹੀ ਅਦਾਕਾਰਾ ਨੀਲਮ ਕੋਠਾਰੀ ਬਾਰੇ ਇਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਉਸ ਸਮੇਂ ਨੀਲਮ ਵੱਲ ਕਾਫੀ ਆਕਰਸ਼ਿਤ ਸਨ।
'ਡੌਲ' ਵਰਗੀ ਲੱਗਦੀ ਸੀ ਨੀਲਮ
ਇਕ ਇੰਟਰਵਿਊ 'ਚ ਗੱਲਬਾਤ ਕਰਦਿਆਂ ਗੋਵਿੰਦਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਵਿਚਾਲੇ ਇਕ ਖਾਸ ਖਿੱਚ ਜ਼ਰੂਰ ਸੀ। ਗੋਵਿੰਦਾ ਨੇ ਕਿਹਾ, "ਸਾਡੇ ਵਰਗੇ ਪਿੰਡਾਂ ਤੋਂ ਆਏ ਮੁੰਡਿਆਂ ਨੂੰ ਗੋਰੀਆਂ ਕੁੜੀਆਂ ਬਹੁਤ ਚੰਗੀਆਂ ਲੱਗਦੀਆਂ ਹਨ। ਨੀਲਮ ਬਹੁਤ ਵੱਖਰੀ ਅਤੇ ਚੰਗੀ ਕੁੜੀ ਸੀ, ਉਸਨੂੰ ਵੇਖ ਕੇ ਅਜਿਹਾ ਲੱਗਦਾ ਸੀ ਜਿਵੇਂ ਕੋਈ 'ਡੌਲ' (ਗੁੱਡੀ) ਹੋਵੇ"।
ਫਿਲਮਾਂ ਵੇਖ ਕੇ ਮਾਰਦੇ ਸੀ ਸੀਟੀਆਂ
ਗੋਵਿੰਦਾ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਨੀਲਮ ਦੀ ਸ਼ਖਸੀਅਤ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਉਹ ਨੀਲਮ ਦੀਆਂ ਫਿਲਮਾਂ ਵੇਖ ਕੇ ਸੀਟੀਆਂ ਵਜਾਇਆ ਕਰਦੇ ਸਨ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਨ੍ਹਾਂ ਨੂੰ ਨੀਲਮ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ, ਅਤੇ ਜਦੋਂ ਉਹ ਉਹਨਾਂ ਦੀ ਕੋ-ਸਟਾਰ ਬਣੀ ਤਾਂ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ।
ਨਜ਼ਰਾਂ ਵਾਲਾ ਰੋਮਾਂਸ
ਅਫੇਅਰ ਦੀਆਂ ਅਫਵਾਹਾਂ 'ਤੇ ਗੋਵਿੰਦਾ ਨੇ ਕਿਹਾ ਕਿ ਉਸ ਦੌਰ 'ਚ ਰੋਮਾਂਸ ਅੱਜ ਵਾਂਗ ਖੁੱਲ੍ਹੇਆਮ ਨਹੀਂ ਹੁੰਦਾ ਸੀ। ਉਨ੍ਹਾਂ ਮੁਤਾਬਕ, ਉਸ ਸਮੇਂ ਦਾ ਰੋਮਾਂਸ ਸਿਰਫ਼ ਨਜ਼ਰਾਂ ਨਾਲ ਹੁੰਦਾ ਸੀ ਅਤੇ ਉਹ ਸਿਰਫ਼ ਮਜ਼ਾਕ-ਮਸਤੀ ਕਰਦੇ ਸਨ। ਜ਼ਿਕਰਯੋਗ ਹੈ ਕਿ ਉਸ ਸਮੇਂ ਗੋਵਿੰਦਾ ਪਹਿਲਾਂ ਹੀ ਵਿਆਹੇ ਹੋਏ ਸਨ, ਪਰ ਫਿਰ ਵੀ ਦੋਵਾਂ ਦੇ ਰਿਸ਼ਤੇ ਦੀਆਂ ਚਰਚਾਵਾਂ ਆਮ ਸਨ। ਗੋਵਿੰਦਾ ਅਤੇ ਨੀਲਮ ਦੀ ਜੋੜੀ ਨੇ ਕਈ ਸੁਪਰਹਿੱਟ ਫਿਲਮਾਂ ਅਤੇ ਗੀਤ ਦਿੱਤੇ ਹਨ।
ਇਹ ਖੁਲਾਸਾ ਅਜਿਹੇ ਸਮੇਂ ਆਇਆ ਹੈ ਜਦੋਂ ਗੋਵਿੰਦਾ ਆਪਣੀ ਪਤਨੀ ਸੁਨੀਤਾ ਵੱਲੋਂ ਲਗਾਏ ਗਏ ਕੁਝ ਦੋਸ਼ਾਂ ਕਾਰਨ ਪਹਿਲਾਂ ਹੀ ਸੁਰਖੀਆਂ ਵਿੱਚ ਬਣੇ ਹੋਏ ਹਨ।
