ਕਾਂਗਰਸ ਨੇ ਰੱਖਿਆ ਮੰਤਰੀ ਖ਼ਿਲਾਫ਼ ਲੋਕ ਸਭਾ ''ਚ ਵਿਸ਼ੇਸ਼ ਅਧਿਕਾਰ ਹਨਨ ਦਾ ਦਿੱਤਾ ਨੋਟਿਸ
Tuesday, Jun 30, 2026 - 12:53 PM (IST)
ਨਵੀਂ ਦਿੱਲੀ- ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਖ਼ਿਲਾਫ਼ ਲੋਕ ਸਭਾ 'ਚ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ ਦਿੱਤਾ ਅਤੇ ਦੋਸ਼ ਲਗਾਇਆ ਕਿ ਸਿੰਘ ਨੇ 'ਆਪਰੇਸ਼ਨ ਸਿੰਦੂਰ' ਦੌਰਾਨ ਫ਼ੌਜੀਆਂ ਦੇ ਸ਼ਹੀਦ ਹੋਣ ਦੇ ਸੰਬੰਧ 'ਚ ਸਦਨ ਨੂੰ ਗੁੰਮਰਾਹ ਕੀਤਾ। ਵੇਣੂਗੋਪਾਲ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਕਿ ਸਦਨ ਨੂੰ ਗੁੰਮਰਾਹ ਕਰਨ ਲਈ ਰੱਖਿਆ ਮੰਤਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਨੇ ਨੋਟਿਸ 'ਚ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਅਤੇ 'ਆਪਰੇਸ਼ਨ ਸਿੰਦੂਰ' 'ਤੇ ਲੋਕ ਸਭਾ 'ਚ 28 ਜੁਲਾਈ 2025 ਨੂੰ ਹੋਈ ਚਰਚਾ ਦੌਰਾਨ ਰੱਖਿਆ ਮੰਤਰੀ ਨੇ ਸਦਨ 'ਚ ਕਿਹਾ ਸੀ,''ਤੁਸੀਂ ਪ੍ਰਸ਼ਨ ਪੁੱਛਣਾ ਹੈ ਤਾਂ ਇਹ ਪੁੱਛੋ ਕਿ ਕੀ ਇਸ ਆਪੇਰਸ਼ਨ 'ਚ ਸਾਡੇ ਫੌਜੀਆਂ ਨੂੰ ਕੋਈ ਨੁਕਸਾਨ ਹੋਇਆ? ਤਾਂ ਉਸ ਦਾ ਉੱਤਰ ਹੈ ਨਹੀਂ।''
ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਇਸ ਦੇ ਉਲਟ ਬਾਅਦ 'ਚ ਜਾਰੀ ਇਕ ਅਧਿਕਾਰਤ ਬਿਆਨ ' ਦੱਸਿਆ ਗਿਆ ਕਿ 'ਆਪਰੇਸ਼ਨ ਸਿੰਦੂਰ' ਦੌਰਾਨ ਹਥਿਆਰਬੰਦ ਫ਼ੋਰਸਾਂ ਦੇ 6 ਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ 'ਚ ਭਾਰਤੀ ਫ਼ੌਜ ਦੇ ਸੂਬੇਦਾਰ ਮੇਜਰ ਪਵਨ ਕੁਮਾਰ, ਰਾਈਫਲਮੈਨ ਸੁਨੀਲ ਕੁਮਾਰ, ਲਾਂਸ ਨਾਇਕ ਦਿਨੇਸ਼ ਕੁਮਾਰ, ਏਵੀਏਸ਼ਨ ਟੈਕਨੀਸ਼ੀਅ ਐੱਮ. ਮੁਰਲੀਨਾਇਕ, ਹੌਲਦਾਰ ਸੁਨੀਲ ਕੁਮਾਰ ਸਿੰਘ ਅਤੇ ਭਾਰਤੀ ਹਵਾਈ ਫ਼ੌਜ ਦੇ ਸਾਰਜੇਂਟ ਸੁਰੇਂਦਰ ਕੁਮਾਰ ਸ਼ਾਮਲ ਹਨ।
ਵੇਣੂਗੋਪਾਲ ਨੇ ਆਪਣੇ ਨੋਟਿਸ 'ਚ ਦਾਅਵਾ ਕੀਤਾ ਕਿ ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੈ ਕਿ ਰੱਖਿਆ ਮੰਤਰੀ ਦਾ ਸਦਨ 'ਚ ਦਿੱਤਾ ਗਿਆ ਬਿਆਨ 'ਗਲਤ ਅਤੇ ਗੁੰਮਰਾਹਕੁੰਨ' ਸੀ। ਉਨ੍ਹਾਂ ਕਿਹਾ ਕਿ ਕਿਸੇ ਮੰਤਰੀ ਵਲੋਂ ਸਦਨ ਨੂੰ ਗੁੰਮਰਾਹ ਕਰਨਾ ਅਤੇ ਸਦਨ ਤੋਂ ਤੱਥ ਲੁਕਾਉਣਾ ਵਿਸ਼ੇਸ਼ ਅਧਿਕਾਰ ਦਾ ਹਨਨ ਅਤੇ ਸਦਨ ਦੀ ਮਾਣਹਾਨੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਇਸ ਮਾਮਲੇ 'ਚ ਰੱਖਿਆ ਮੰਤਰੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਦੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
