ਦਿੱਲੀ ਦੀ ਕੋਰਟ ਨੇ ਯਾਸੀਨ ਮਲਿਕ, ਇੰਜੀਨੀਅਰ ਰਾਸ਼ਿਦ ਤੇ 5 ਹੋਰ ਖ਼ਿਲਾਫ਼ ਮੁਕੱਦਮਾ ਚਲਾਉਣ ਦਾ ਦਿੱਤਾ ਆਦੇਸ਼
Saturday, Oct 24, 2026 - 01:34 PM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਜੇਲ੍ਹ 'ਚ ਬੰਦ ਵੱਖਵਾਦੀ ਨੇਤਾ ਯਾਸੀਨ ਮਲਿਕ, ਬਾਰਾਮੂਲਾ ਦੇ ਸੰਸਦ ਮੈਂਬਰ ਸ਼ੇਖ ਅਬਦੁੱਲ ਰਾਸ਼ਿਦ ਉਰਫ਼ ਇੰਜੀਨੀਅਰ ਰਾਸ਼ਿਦ ਅਤੇ 5 ਹੋਰ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਜੰਮੂ ਕਸ਼ਮੀਰ 'ਚ ਵੱਖਵਾਦੀ ਗਤੀਵਿਧੀਆਂ ਲਈ ਹਵਾਲਾ ਰਾਹੀਂ ਪਾਕਿਸਤਾਨ ਤੋਂ ਫੰਡ ਪ੍ਰਾਪਤ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਦਿੱਤਾ ਗਿਆ ਹੈ। ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਦੋਸ਼ੀਆਂ ਦੇ ਅਪਰਾਧ 'ਚ ਸ਼ਾਮਲ ਹੋਣ ਦਾ ਮਜ਼ਬੂਤ ਸ਼ੱਕ ਜ਼ਾਹਰ ਕਰਨ ਲਈ ਰਿਕਾਰਡ 'ਤੇ ਪ੍ਰਾਪਤ ਸਮੱਗਰੀ ਪਾਉਂਦੇ ਹੋਏ 7 ਦੋਸ਼ੀਆਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੇ ਅਧੀਨ ਦੋਸ਼ ਤੈਅ ਕਰਨ ਦਾ ਆਦੇਸ਼ ਦਿੱਤਾ।
ਇਨਫਰੋਸਮੈਂਟ ਡਾਇਰੈਕਟੋਰੇਟ (ਈਡੀ) ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਵੱਖ-ਵੱਖ ਮਾਧਿਅਮਾਂ ਰਾਹੀਂ 8.94 ਕਰੋੜ ਰੁਪਏ ਦੀ ਅਪਰਾਧ ਤੋਂ ਕਮਾਈ ਕੀਤੀ, ਪ੍ਰਾਪਤ ਕੀਤੀ, ਟਰਾਂਸਫਰ ਕੀਤੀ, ਲੁਕਾਈ, ਆਪਣੇ ਅਧਿਕਾਰ 'ਚ ਰੱਖੀ ਅਤੇ ਉਸ ਦਾ ਇਸਤੇਮਾਲ ਕੀਤਾ। ਦੋਸ਼ੀਆਂ 'ਚ ਪਾਬੰਦੀਸ਼ੁਦਾ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸੀਨ ਮਲਿਕ, ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ, ਬਾਰਾਮੂਲਾ ਦੇ ਸੰਸਦ ਮੈਂਬਰ ਸ਼ੇਖ ਅਬਦੁੱਲ ਰਾਸ਼ਿਦ, ਮਸਰਤ ਆਲਮ, ਜ਼ਹੂਰ ਅਹਿਮਦ ਸ਼ਾਹ ਵਟਾਲੀ, ਨਵਲ ਕਿਸ਼ੋਰ ਕਪੂਰ ਅਤੇ ਮੈਸਰਸ ਟ੍ਰਿਸਨ ਫਾਰਮਜ਼ ਐਂਡ ਕੰਸਟ੍ਰਕਸ਼ਨਜ਼ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਈਡੀ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵਲੋਂ 2017 'ਚ ਦਰਜ ਇਕ ਮਾਮਲੇ ਨਾਲ ਜੁੜਿਆ ਹੈ।
ਉਸ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ (ਆਈਪੀਸੀ) ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦੋਸ਼ ਲਗਾਏ ਗਏ ਹਨ। ਇਸਤਗਾਸਾ ਪੱਖ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਅਤੇ ਦੇਸ਼ ਦੇ ਕਾਨੂੰਨਾਂ ਦੇ ਵਿਰੁੱਧ ਕੰਮ ਕਰਨ ਲਈ ਹਵਾਨਾ ਅਤੇ ਹੋਰ ਮਾਧਿਅਮਾਂ ਨਾਲ 'ਪਾਕਿਸਤਾਨੀ ਤੰਤਰ' ਤੋਂ ਪੈਸੇ ਪ੍ਰਾਪਤ ਕੀਤੇ। ਈਡੀ ਅਨੁਸਾਰ, ਇਹ ਪੈਸੇ ਨਕਦੀ ਲਿਆਉਣ-ਲਿਜਾਉਣ ਵਾਲਿਆਂ ਅਤੇ ਵਿਚੋਲਿਆਂ ਦੇ ਇਕ ਜਟਿਲ ਤੰਤਰ ਰਾਹੀਂ ਭੇਜਿਆ ਗਿਆ ਹੈ।
ਦੋਸ਼ ਹੈ ਕਿ ਇਨ੍ਹਾਂ ਵਿਚੋਲਿਆਂ ਨੇ ਨਵੀਂ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਤੋਂ ਫੰਡ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਯਾਸੀਨ ਮਲਿਕ ਸਮੇਤ ਵੱਖਵਾਦੀ ਨੇਤਾਵਾਂ ਨੂੰ ਵਿਨਾਸ਼ਕਾਰੀ ਗਤੀਵਿਧੀਆਂ ਲਈ ਭੇਜਿਆ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਮਲਿਕ ਨੇ 3 ਕਰੋੜ ਰੁਪਏ ਤੋਂ ਵੱਧ ਦੇ ਵਿਦੇਸ਼ੀ ਫੰਡ ਪ੍ਰਾਪਤ ਕੀਤੇ ਅਤੇ ਅਪਰਾਧ ਤੋਂ ਪ੍ਰਾਪਤ ਇਨ੍ਹਾਂ ਕਮਾਈਆਂ ਨੂੰ ਟਿਕਾਣੇ ਲਗਾਇਆ। ਏਜੰਸੀ ਨੇ ਸ਼ਬੀਰ ਅਹਿਮਦ ਸ਼ਾਹ ਅਤੇ ਇੰਜੀਨੀਅਰ ਰਾਸ਼ਿਦ 'ਤੇ ਵਿਚੋਲਿਆਂ ਰਾਹੀਂ ਫੰਡ ਪ੍ਰਾਪਤ ਕਰਨ ਅਤੇ ਵੱਖਵਾਦੀ ਸੰਗਠਨਾਂ ਨਾਲ ਸਬੰਧ ਬਣਾਈ ਰੱਖਣ ਦਾ ਵੀ ਦੋਸ਼ ਲਗਾਇਆ ਹੈ। ਹਾਲਾਂਕਿ, ਮੁਕੱਦਮੇ ਦੌਰਾਨ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਹੋਣੀ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
