ਭਾਜਪਾ ਨੇ ਸਿੱਖ ਵਿਰੋਧੀ ਦੰਗਿਆਂ ਖ਼ਿਲਾਫ਼ ਕੱਢਿਆ ਰੋਸ ਮਾਰਚ, ਕਾਂਗਰਸ ਤੋਂ ਮੁਆਫ਼ੀ ਮੰਗਣ ਦੀ ਮੰਗ
Sunday, Nov 01, 2026 - 07:47 PM (IST)
ਨਵੀਂ ਦਿੱਲੀ, (ਏਜੰਸੀ)- ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ ’ਚ ਐਤਵਾਰ ਨੂੰ ਵਿਰੋਧੀ ਗੱਠਜੋੜ ‘ਇੰਡੀਆ’ ਦੀ ‘ਵੋਟ ਬਚਾਓ, ਦੇਸ਼ ਬਚਾਓ’ ਰੈਲੀ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੱਛਮੀ ਦਿੱਲੀ ਦੇ ਹਰੀ ਨਗਰ ’ਚ ਰੋਸ ਮਾਰਚ ਕੱਢਿਆ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਅਤੇ ਉਸ ਦੇ ਆਗੂ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਰੋਸ ਮਾਰਚ ਦੀ ਅਗਵਾਈ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ 1984 ’ਚ ਸਿੱਖਾਂ ਖ਼ਿਲਾਫ਼ ਹੋਈ ਹਿੰਸਾ ਇਕ ‘ਸੋਚੀ-ਸਮਝੀ’ ਨਸਲਕੁਸ਼ੀ ਸੀ, ਨਾ ਕਿ ਦੰਗਾ ਜਾਂ ਅਚਾਨਕ ਵਾਪਰੀ ਘਟਨਾ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਸੂਬਾ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਇਸ ਮਾਰਚ ’ਚ ਹਿੱਸਾ ਲਿਆ। ਇਸ ’ਚ ਕਈ ਸਿੱਖ ਆਗੂ ਵੀ ਸ਼ਾਮਲ ਹੋਏ। ਸਿੱਖ ਬਹੁਤਾਤ ਵਾਲੇ ਹਰੀ ਨਗਰ ਤੋਂ ਤਿਲਕ ਨਗਰ ਇਲਾਕੇ ਤੱਕ ਕੱਢੇ ਗਏ ਰੋਸ ਮਾਰਚ ’ਚ ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਅਤੇ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ 1984 ’ਚ ਸਿੱਖਾਂ ਦੀ ਹੱਤਿਆ ਲਈ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਮਾਰਚ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਪੁਰੀ ਨੇ 1984 ਦੀ ਹਿੰਸਾ ਸ਼ੁਰੂ ਹੋਣ ਸਮੇਂ ਜਿਨੇਵਾ ’ਚ ਹੋਣ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਦਿੱਲੀ ’ਚ ਰਹਿ ਰਹੇ ਉਨ੍ਹਾਂ ਦੇ ਮਾਤਾ-ਪਿਤਾ ਦੀ ਉਨ੍ਹਾਂ ਦੇ ਹਿੰਦੂ ਦੋਸਤਾਂ ਨੇ ਰੱਖਿਆ ਕੀਤੀ ਸੀ।
ਪੁਰੀ ਨੇ ਕਿਹਾ, ‘‘ਅਧਿਕਾਰਤ ਅੰਕੜਿਆਂ ਅਨੁਸਾਰ, ਹਿੰਸਾ ਦੌਰਾਨ ਦਿੱਲੀ ’ਚ ਕੁੱਲ 2,733 ਸਿੱਖਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਅਦਾਲਤਾਂ ਨੇ ਵੀ ਇਸ ਨੂੰ ਸੋਚੀ-ਸਮਝੀ ਨਸਲਕੁਸ਼ੀ, ਸਮੂਹਿਕ ਕਤਲੇਆਮ ਅਤੇ ਮਨੁੱਖਤਾ ਖ਼ਿਲਾਫ਼ ਅਪਰਾਧ ਦੱਸਿਆ ਹੈ, ਨਾ ਕਿ ਅਚਾਨਕ ਭੜਕਿਆ ਕੋਈ ਦੰਗਾ। ਕਾਂਗਰਸ ਆਗੂਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।’’ ਰੋਸ ਪ੍ਰਦਰਸ਼ਨ ਦੌਰਾਨ ਕਾਲੀ ਪੱਟੀ ਬੰਨ੍ਹ ਕੇ ਪਹੁੰਚੀ ਦਿੱਲੀ ਦੀ ਮੁੱਖ ਮੰਤਰੀ ਗੁਪਤਾ ਨੇ ਯਾਦ ਕੀਤਾ ਕਿ ਹਿੰਸਾ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਦੇ ਘਰ ਇਕ ਸਿੱਖ ਗੁਆਂਢੀ ਨੇ ਸ਼ਰਨ ਲਈ ਸੀ।
