ਰਾਸ਼ਟਰੀ ਮਹਿਲਾ ਕਮਿਸ਼ਨ ਨੇ ਗਾਇਕਾ ਨੇਹਾ ਸਿੰਘ ਰਾਠੌਰ ਵਿਰੁੱਧ ‘ਮਾਨਹਾਨੀ’ ਵਾਲੀਆਂ ਖ਼ਬਰਾਂ ਦਾ ਖੁਦ ਲਿਆ ਨੋਟਿਸ
Tuesday, Oct 20, 2026 - 10:55 AM (IST)
ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸੋਮਵਾਰ ਉਨ੍ਹਾਂ ਖਬਰਾਂ ਦਾ ਖੁਦ ਨੋਟਿਸ ਲਿਆ ਜਿਨ੍ਹਾਂ ’ਚ ਦੋਸ਼ ਲਾਇਆ ਗਿਆ ਸੀ ਕਿ ਇਕ ਨਿਊਜ਼ ਚੈਨਲ ਨੇ ਗਾਇਕਾ ਨੇਹਾ ਸਿੰਘ ਰਾਠੌਰ ਨੂੰ ਦੇਹ ਵਪਾਰ ਨਾਲ ਜੁੜੇ ਇਕ ਗਿਰੋਹ ਨਾਲ ਸਬੰਧਤ ਦੱਸਣ ਵਾਲੀ ਅਪਮਾਨਜਨਕ ਸਮੱਗਰੀ ਪ੍ਰਸਾਰਿਤ ਕੀਤੀ ਸੀ। ਖਬਰਾਂ ਤੋਂ ਪਤਾ ਲਗਦਾ ਹੈ ਕਿ ਨਿਊਜ਼ ਚੈਨਲ ਨੇ ਰਾਠੌਰ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਕੇ ਇਕ ਰਿਪੋਰਟ ਪ੍ਰਸਾਰਿਤ ਕੀਤੀ ਸੀ। ਗਾਇਕਾ ਦਾ ਦੋਸ਼ ਹੈ ਕਿ ਚੈਨਲ ਨੇ ਉਸ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।
ਕਮਿਸ਼ਨ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਜਨਤਕ ਆਲੋਚਨਾ ਤੋਂ ਬਾਅਦ ਨਿਊਜ਼ ਚੈਨਲ ਨੇ ਕਥਿਤ ਤੌਰ ’ਤੇ ਮੰਨਿਅਾ ਕਿ ਉਸ ਦੀ ਰਿਪੋਰਟ ਤੱਥਾਂ ਅਨੁਸਾਰ ਨਹੀਂ ਸੀ। ਉਸ ਨੇ ਮੁਆਫੀ ਮੰਗ ਲਈ। ਪੋਸਟ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲੋਕ ਗਾਇਕਾ ਨੇਹਾ ਸਿੰਘ ਰਾਠੌਰ ਨੂੰ ਦੇਹ ਵਪਾਰ ਦੇ ਗਿਰੋਹ ਨਾਲ ਜੋੜਨ ਵਾਲੀ ਇਕ ਖ਼ਬਰ ’ਚ ਪ੍ਰਕਾਸ਼ਤ ਅਪਮਾਨਜਨਕ ਸਮੱਗਰੀ ਦਾ ਖੁਦ ਨੋਟਿਸ ਲਿਆ ਹੈ।
ਪੋਸਟ ਅਨੁਸਾਰ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਹਿਤਕਰ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੂੰ ਮੀਡੀਆ ਖੇਤਰ ’ਚ ਸੰਬੰਧਤ ਰੈਗੂਲੇਟਰੀ, ਪ੍ਰਸ਼ਾਸਕੀ ਤੇ ਸਵੈ- ਕੰਟਰੋਲ ਵਾਲੇ ਅਦਾਰਿਆਂ ਜਿਵੇਂ ਕਿ ਪ੍ਰੈੱਸ ਕੌਂਸਲ ਆਫ਼ ਇੰਡੀਆ, ਇਲੈਕਟ੍ਰਾਨਿਕ ਮੀਡੀਆ ਨਿਗਰਾਨੀ ਕੇਂਦਰ, ਨਿਊਜ਼ ਬ੍ਰਾਡਕਾਸਟਰਸ ਤੇ ਡਿਜੀਟਲ ਐਸੋਸੀਏਸ਼ਨ ਅਤੇ ਡਿਜੀਟਲ ਪਬਲਿਸ਼ਰਜ਼ ਕੰਟੈਂਟ ਸ਼ਿਕਾਇਤ ਕੌਂਸਲ ਨੂੰ ਸੂਚਨਾ ਤਕਨੋਲੋਜੀ (ਇੰਟਰਮੀਡੀਅਰੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਅਧੀਨ ਤੁਰੰਤ ਤੇ ਸਮੇਂ ਸਿਰ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ ਲਈ ਕਿਹਾ ਹੈ। ਕਮਿਸ਼ਨ ਨੇ 15 ਦਿਨਾਂ ਅੰਦਰ ਕਾਰਵਾਈ ਸਬੰਧੀ ਰਿਪੋਰਟ ਵੀ ਮੰਗੀ ਹੈ।
