ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ
Monday, Oct 26, 2026 - 05:31 PM (IST)
ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਸਲ ਕੰਟਰੋਲ ਰੇਖਾ (LAC) 'ਤੇ ਭਾਰਤੀ ਅਤੇ ਚੀਨੀ ਜਵਾਨਾਂ ਵਿਚਾਲੇ ਨਵੀਂਆਂ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਖ਼ਬਰਾਂ 'ਤੇ ਚੀਨੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਆਪਣਾ ਪੱਖ ਰੱਖਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਅਤੇ ਸਹਿਮਤੀਆਂ ਦਾ ਸਖ਼ਤੀ ਨਾਲ ਪਾਲਣ ਕੀਤਾ ਹੈ। ਚੀਨ ਦਾ ਇਹ ਬਿਆਨ ਭਾਰਤ ਦੇ 'ਇੰਡੋ-ਤਿੱਬਤਨ ਬਾਰਡਰ ਪੁਲਿਸ' (ITBP) ਦੇ ਡਾਇਰੈਕਟਰ ਜਨਰਲ ਵੱਲੋਂ ਅਰੁਣਾਚਲ ਪ੍ਰਦੇਸ਼ 'ਚ ਚੀਨੀ ਫੌਜ ਨਾਲ ਝੜਪਾਂ ਦੀ ਪੁਸ਼ਟੀ ਕਰਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਪ੍ਰਤੀਕਿਰਿਆ ਤੋਂ ਬਾਅਦ ਆਇਆ ਹੈ।
ਚੀਨੀ ਬੁਲਾਰੇ ਗੁਓ ਜਿਆਕੁਨ ਨੇ ਬੀਜਿੰਗ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨੀ ਫੌਜ ਆਪਣੀ ਖੇਤਰੀ ਪ੍ਰਭੂਸੱਤਾ ਅਤੇ ਸਰਹੱਦੀ ਸਥਿਰਤਾ ਦੀ ਰਾਖੀ ਲਈ ਨਿਯਮਿਤ ਤੌਰ 'ਤੇ ਗਸ਼ਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਕੂਟਨੀਤਕ ਅਤੇ ਆਰਮੀ ਚੈਨਲਾਂ ਰਾਹੀਂ ਸੰਪਰਕ 'ਚ ਹਨ ਅਤੇ ਚੀਨ ਨੂੰ ਉਮੀਦ ਹੈ ਕਿ ਭਾਰਤ ਵੀ ਸਰਹੱਦੀ ਖੇਤਰਾਂ 'ਚ ਸ਼ਾਂਤੀ ਬਣਾਏ ਰੱਖਣ ਲਈ ਠੋਸ ਕਦਮ ਚੁੱਕੇਗਾ।
ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਵੀ ਸਪੱਸ਼ਟ ਕੀਤਾ ਸੀ ਕਿ ਜਦੋਂ ਚੀਨੀ ਜਵਾਨ ਤੈਅ ਗਸ਼ਤ ਦੇ ਰਸਤਿਆਂ ਤੋਂ ਭਟਕਦੇ ਹਨ, ਤਾਂ ਸਰਹੱਦ 'ਤੇ ਸਥਿਤੀ ਖ਼ਰਾਬ ਹੁੰਦੀ ਹੈ। ਭਾਰਤ ਨੇ ਦੁਹਰਾਇਆ ਕਿ ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਾ ਦੋਵਾਂ ਦੇਸ਼ਾਂ ਦੇ ਸਮੁੱਚੇ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ 25 ਅਗਸਤ 2026 ਨੂੰ ਬੀਜਿੰਗ 'ਚ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀਆਂ ਦੀ 25ਵੇਂ ਗੇੜ ਦੀ ਗੱਲਬਾਤ ਹੋਈ ਸੀ। ਦੋਵਾਂ ਧਿਰਾਂ ਨੇ 2005 ਦੇ ਸਮਝੌਤੇ ਦੇ ਆਧਾਰ 'ਤੇ ਸਰਹੱਦੀ ਮੁੱਦੇ ਦੇ ਸਥਾਈ ਹੱਲ ਲਈ ਗੱਲਬਾਤ ਜਾਰੀ ਰੱਖਣ ਅਤੇ ਕਿਸੇ ਵੀ ਸਥਾਨਕ ਘਟਨਾ ਨੂੰ ਡਿਪਲੋਮੈਟਿਕ ਤੇ ਫ਼ੌਜੀ ਕਮਾਂਡਰ ਪੱਧਰ ਦੀਆਂ ਬੈਠਕਾਂ ਰਾਹੀਂ ਹੱਲ ਕਰਨ 'ਤੇ ਸਹਿਮਤੀ ਜਤਾਈ ਸੀ। ਅਜਿਹੇ 'ਚ ਭਾਰਤ-ਚੀਨ ਵਿਚਾਲੇ ਤਾਜ਼ਾ ਝੜਪਾਂ ਦੀਆਂ ਖ਼ਬਰਾਂ ਨੇ ਸਰਹੱਦੀ ਤਣਾਅ ਬਾਰੇ ਨਵੀਂ ਬਹਿਸ ਛੇੜ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
