ਦਰਦਨਾਕ ਹਾਦਸਾ! ਪ੍ਰਯਾਗਰਾਜ ''ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ ਮਜ਼ਦੂਰ
Monday, Mar 23, 2026 - 04:57 PM (IST)
ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਫਾਫਾਮਊ ਇਲਾਕੇ ਵਿੱਚ ਸੋਮਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕੋਲਡ ਸਟੋਰ ਦੀ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ ਉੱਥੇ ਕੰਮ ਕਰ ਰਹੇ ਕਰੀਬ 20 ਮਜ਼ਦੂਰ ਮਲਬੇ ਹੇਠ ਦਬ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਸਥਾਨਕ ਲੋਕਾਂ ਨੇ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਸੂਤਰਾਂ ਅਨੁਸਾਰ ਇਸ ਭਿਆਨਕ ਹਾਦਸੇ ਵਿੱਚ 8 ਤੋਂ 10 ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ, ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ ਵਿੱਚ ਜੁੱਟੇ ਹੋਏ ਹਨ।

ਜਾਣਕਾਰੀ ਮੁਤਾਬਕ ਕੋਲਡ ਸਟੋਰ ਦੀ ਇਮਾਰਤ ਕਾਫੀ ਖਸਤਾ ਹਾਲਤ ਵਿੱਚ ਸੀ। ਕੰਧ ਡਿੱਗਣ ਤੋਂ ਤੁਰੰਤ ਬਾਅਦ ਕੋਲਡ ਸਟੋਰ ਵਿੱਚੋਂ ਅਮੋਨੀਆ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ। ਪੁਲਸ ਨੂੰ ਮੌਕੇ 'ਤੇ ਇਕੱਠੀ ਹੋਈ ਭੀੜ ਨੂੰ ਹਟਾਉਣ ਲਈ ਹਲਕਾ ਬਲ ਪ੍ਰਯੋਗ ਵੀ ਕਰਨਾ ਪਿਆ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾ ਰਹੀ ਇੱਕ ਐਂਬੂਲੈਂਸ 'ਤੇ ਪਥਰਾਅ ਵੀ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਸਥਿਤੀ ਨੂੰ ਕਾਬੂ ਹੇਠ ਲਿਆ।
ਫਿਲਹਾਲ ਮੌਕੇ 'ਤੇ ਰੇਸਕਿਊ ਆਪ੍ਰੇਸ਼ਨ ਜਾਰੀ ਹੈ ਅਤੇ ਮਲਬੇ ਵਿੱਚ ਫਸੇ ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੈ ਅਤੇ ਪ੍ਰਸ਼ਾਸਨ ਵੱਧ ਤੋਂ ਵੱਧ ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
