ਕੁੜੀ ਨੂੰ ਕੋਲਡ ਡ੍ਰਿੰਕ ''ਚ ਨਸ਼ੀਲਾ ਪਦਾਰਥ ਪਿਲਾ ਕੇ ਕੀਤਾ ਅਗਵਾ, ਨਹਿਰ ''ਚ ਸੁੱਟਣ ਦੀ ਸੀ ਤਿਆਰੀ
Wednesday, Mar 18, 2026 - 08:35 PM (IST)
ਲੁਧਿਆਣਾ, (ਰਾਜ)- ਮਹਾਨਗਰ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਬਹੁਤ ਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇੱਕ ਮੁਟਿਆਰ ਨੇ ਆਪਣੇ ਹੀ ਇੱਕ ਜਾਣਕਾਰ 'ਤੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਅਗਵਾ ਕਰਨ ਅਤੇ ਬਾਅਦ ਵਿੱਚ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪੀੜਤਾ ਦੀ ਆਪਬੀਤੀ ਸੁਣ ਕੇ ਪੁਲਸ ਦੇ ਵੀ ਹੋਸ਼ ਉੱਡ ਗਏ ਹਨ। ਥਾਣਾ ਕੁਮਕਲਾਂ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁੱਖ ਮੁਲਜ਼ਮ ਗਗਨਪ੍ਰੀਤ ਸਿੰਘ, ਪਰਮਜੀਤ ਕੌਰ, ਸਨੀ ਅਤੇ ਉਸ ਦੇ ਸਾਥੀਆਂ ਖਿਲਾਫ ਅਗਵਾ, ਨਸ਼ੀਲਾ ਪਦਾਰਥ ਪਿਲਾਉਣ ਅਤੇ ਛੇੜਛਾੜ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਗੱਦੋਵਾਲ ਗਈ ਹੋਈ ਸੀ। ਇਸੇ ਦੌਰਾਨ 9 ਮਾਰਚ ਨੂੰ ਮੁਲਜ਼ਮ ਗਗਨਪ੍ਰੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਮਿਲਣ ਦੇ ਬਹਾਨੇ ਬੁਲਾਇਆ। ਜਦੋਂ ਉਹ ਉਸ ਨੂੰ ਮਿਲਣ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਅਗਵਾ ਕਰ ਲਿਆ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਕੋਲਡ ਡ੍ਰਿੰਕ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ।
ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੁਲਜ਼ਮ ਉਸ ਨੂੰ ਗੱਡੀ ਵਿੱਚੋਂ ਕੱਢ ਕੇ ਨਹਿਰ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਸਨ। ਮੌਤ ਨੂੰ ਸਾਹਮਣੇ ਦੇਖ ਕੇ ਮੁਟਿਆਰ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਘਬਰਾਏ ਹੋਏ ਮੁਲਜ਼ਮ ਉਸ ਨੂੰ ਦੁਬਾਰਾ ਗੱਡੀ ਵਿੱਚ ਪਾ ਕੇ ਲੈ ਗਏ।
ਪੀੜਤਾ ਦਾ ਦੋਸ਼ ਹੈ ਕਿ ਇਸ ਦੌਰਾਨ ਗਗਨਪ੍ਰੀਤ ਸਿੰਘ ਨੇ ਉਸ ਨਾਲ ਬੇਹੱਦ ਸ਼ਰਮਨਾਕ ਤਰੀਕੇ ਨਾਲ ਛੇੜਛਾੜ ਕੀਤੀ ਅਤੇ ਗਲਤ ਨੀਅਤ ਨਾਲ ਉਸ ਨੂੰ ਛੂਹਿਆ। ਬਾਅਦ ਵਿੱਚ ਮੁਲਜ਼ਮ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਹੀ ਲਾਵਾਰਿਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।
